ਅੰਮ੍ਰਿਤਸਰ 27 ਅਕਤੂਬਰ (ਵਿਨੋਦ ਕੁਮਾਰ)ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਅਤੇ ਸਾਂਝਾ ਮੁਲਾਜਮ ਮੰਚ ਯੂ ਟੀ ਵੱਲੋ ਲਗਾਤਾਰ ਚਲ ਰਹੀ ਕਲਮਛੋੜ ਹੜਤਾਲ ਅਜ 20ਵੇਂ ਦਿਨ ਵਿੱਚ ਦਾਖਲ ਹੋ ਗਈ ਹੈ।ਜਿਸ ਤੇ ਚਲਦਿਆਂ ਪੰਜਾਬ ਸਰਕਾਰ ਦੇ ਵਖ ਵਖ ਵਿਭਾਗਾਂ ਦੇ ਕਲੈਰੀਕਲ ਸਟਾਫ ਵੱਲੋਂ ਦਫਤਰੀ ਕੰਮ ਕਾਜ ਨੂੰ ਮੁਕੰਮਲ ਤੌਰ ਤੇ ਠਪ ਰੱਖਿਆ ਹੋਇਆ ਹੈ।ਪ੍ਰੰਤੂ ਪੰਜਾਬ ਸਰਕਾਰ ਦੇ ਕੰਨਾਂ ਤੇ ਜੂੰ ਤਕ ਨਹੀਂ ਸਰਕ ਰਹੀ।ਇਕ ਪਾਸੇ ਤਾਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਅਖਬਾਰੀ ਬਿਆਨ ਦਿੱਤੇ ਜਾ ਰਹੇ ਹਨ ਕਿ ਹਰੇਕ ਵਰਗ ਦੇ ਮਸਲੇ ਬੈਠ ਕੇ ਹਲ ਕੀਤੇ ਜਾਣਗੇ।ਜੋ ਕਿ ਅਜੇ ਤੱਕ ਸਿਰਫ ਤੇ ਸਿਰਫ ਅਖਬਾਰੀ ਬਿਆਨ ਹੀ ਸਾਬਤ ਹੋ ਰਹੇ ਹਨ।ਇਸ ਸੰਬੰਧੀ ਜਲ ਸਰੋਤ ਵਿਭਾਗ ਅੰਮ੍ਰਿਤਸਰ ਦੇ ਦਫਤਰ ਵਿਖੇ ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਸੂਦ ਅਤੇ ਜਨਰਲ ਸਕੱਤਰ ਗੁਰਵੇਲ ਸਿੰਘ ਸੇਖੋਂ ਦੀ ਅਗਵਾਈ ਹੇਠ ਹੋਈ ਮੁਲਾਜਮਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਮਨਜਿੰਦਰ ਸਿੰਘ ਸੰਧੂ,ਅਤੁੱਲ ਕੁਮਾਰ,ਤੇਜਿੰਦਰ ਸਿੰਘ ਢਿੱਲੋਂ, ਮੁਨੀਸ਼ ਕੁਮਾਰ ਸਰਮਾ,ਰਜਿੰਦਰ ਸਿੰਘ ਮੱਲੀ, ਗੁਰਦਿਆਲ ਮਾਹਵਾ,ਰਾਕੇਸ਼ ਕੁਮਾਰ ਬਾਬੋਵਾਲ,ਰਾਜਮਹਿੰਦਰ ਸਿੰਘ ਮਜੀਠਾ,ਹਰਜਾਪ ਸਿੰਘ, ਸੁਖਬੀਰ ਸਿੰਘ ਅਤੇ ਸੰਜੀਵ ਕੁਮਾਰ ਸਰਮਾ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਵਿੱਚ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਅਤੇ ਹੁਣ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਲੱਖਾ ਮੁਲਾਜਮਾਂ ਤੇ ਪੈਨਸ਼ਨਰਾਂ ਨਾਲ ਧੋਖੇ ਤੇ ਵਾਅਦੇ ਖਿਲਾਫੀਆ ਹੀ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਮੁਲਾਜਮਾਂ ਦੀਆਂ ਨਜ਼ਰਾਂ ਵਿੱਚ ਸਰਕਾਰ ਦੇ ਸਿਰਫ ਚਿਹਰੇ ਹੀ ਬਦਲੇ ਹਨ,ਪਰ ਸਰਕਾਰ ਦੀ ਨੀਅਤ ਨਹੀਂ ਬਦਲੀ।ਪੰਜਾਬ ਸਰਕਾਰ ਵੱਲੋ ਅਖਬਾਰੀ ਬਿਆਨਾ ਵਿੱਚ ਭਾਵੇਂ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਵੱਡੇ ਵੱਡੇ ਤੋਹਫਿਆਂ ਦੇ ਐਲਾਨ ਕੀਤੇ ਜਾ ਰਹੇ ਹਨ।ਪਰ ਹਕੀਕਤ ਵਿੱਚ ਮੁਲਾਜਮਾਂ ਨੂੰ ਕੁੱਝ ਨਹੀਂ ਦਿੱਤਾ ਜਾ ਰਿਹਾ। ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਸੋਧ ਕੇ ਲਾਗੂ ਕਰਨ ਵਿੱਚ ਆਨਾਕਾਨੀ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਸਕੀਮ,ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ ਆਦਿ ਸਮੇਤ ਬਹੁਤ ਸਾਰੀਆਂ ਮੰਗਾਂ ਪੈਂਡਿੰਗ ਪਈਆਂ ਹਨ।ਉਕਤ ਆਗੂਆਂ ਨੇ ਕਿਹਾ ਕਿ 31 ਅਕਤੂਬਰ ਤਕ ਕੀਤੀ ਜਾ ਰਹੀ ਸੂਬਾ ਪੱਧਰੀ ਕਲਮਛੋੜ ਹੜਤਾਲ ਨੂੰ ਪੂਰੀ ਸਖਤੀ ਨਾਲ ਅਸਰਦਾਰ ਬਣਾਇਆ ਜਾਵੇਗਾ।ਜਿਸ ਤੇ ਚਲਦਿਆਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਥਿਤ ਪੰਜਾਬ ਸਰਕਾਰ ਦੇ ਹਰ ਦਫਤਰ ਦਾ ਕੰਮ ਕਾਜ ਬੰਦ ਰੱਖਿਆ ਜਾਵੇਗਾ।ਜੇਕਰ ਸਰਕਾਰ ਨੇ ਫਿਰ ਵੀ ਮੰਗਾਂ ਨਾ ਮੰਨੀਆਂ ਤਾਂ ਮੁਲਾਜਮਾਂ ਵੱਲੋ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।