ਜਲੰਧਰ (06-07-2021): ਸਿਹਤ ਵਿਭਾਗ ਵਲੋਂ ਬਿਹੱਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਵੱਖ-ਵੱਖ ਸਿਹਤ
ਪ੍ਰੋਗਰਾਮ ਚਲਾਏ ਜਾ ਰਹੇ ਹਨ। ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ
ਨਾਲ ਵਰਲਡ ਜੂਨੋਸਿਸ ਡੇ ਦੇ ਮੱਦੇਨਜ਼ਰ ਜਾਨਵਰਾਂ ਤੋਂ ਮੱਨੁਖਾਂ ਵਿੱਚ ਫੈਲਣ ਵਾਲੇ ਜੂਨੋਟਿਕ ਰੋਗਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ
ਮਕਸਦ ਨਾਲ ਆਦਮਪੁਰ ਵਿਖੇ ਜਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਜਿਲਾ ਐਪੀਡੈਮੀਓਲੋਜਿਸਟ ਡਾ.
ਸ਼ੋਭਨਾ, ਡਾ. ਗੁੰਜਨ ਅਤੇ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ, ਵੈਟਨਰੀ ਅਫ਼ਸਰ ਭੁਪਿੰਦਰ ਸਿੰਘ, ਡਾ. ਯਸ਼
ਪਾਲ ਆਦਿ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਜਾਗਰੂਕ ਕੀਤਾ ਗਿਆ।
ਜੂਨੋਟਿਕ ਰੋਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਐਪੀਡੈਮੀਓਲੋਜਿਸਟ ਡਾ. ਸ਼ੋਭਨਾ ਨੇ ਦੱਸਿਆ ਕਿ ਜੂਨੋਸਿਸ ਜਾਨਵਰਾਂਤੋਂ ਮੱਨੁਖਾਂ ਵਿੱਚ
ਫੈਲਣ ਵਾਲੀ ਗੰਭੀਰ ਬਿਮਾਰੀ ਹੈ। ਇਹ ਜੂਨੋਟਿਕ ਰੋਗ ਵਾਇਰਸ, ਬੈਕਟੀਰਿਆ, ਕਵਕ, ਪਰਜੀਵੀ ਅਤੇ ਮੱਛਰਾਂ ਨਾਲ ਫੈਲਦਾ ਹੈ। ਇਬੋਲਾ,
ਸਵਾਈਨ ਫਲੂ, ਏਨਸੇਫਲਾਇਟਿਸ, ਸਕ੍ਰਬ ਟਾਇਫਸ ਅਤੇ ਰੈਬੀਜ਼ ਇਨ੍ਹਾਂ ਜੂਨੋਟਿਕ ਰੋਗਾਂ ਦੇ ਕੁੱਝ ਉਦਾਹਰਨ ਹਨ। ਉਨ੍ਹਾਂ ਦੱਸਿਆ ਕਿ
ਜੂਨੋਟਿਕ ਰੋਗਾਂ ਦੇ ਵੱਖ-ਵੱਖ ਲੱਛਣ ਹਨ ਜਿਵੇਂ ਸਕਰਬ ਟਾਇਫ਼ਸ ਦੇ ਲੱਛਣ ਤੇਜ ਬੁਖਾਰ, ਸਿਰ ਤੇ ਜੋੜਾਂ ਵਿੱਚ ਦਰਦ, ਕੰਬਣੀ ਛਿੜਨਾ,
ਸਰੀਰ ਦੇ ਜੋੜਾਂ ਵਾਲੇ ਅੰਗਾ ਹੇਠ ਗਿਲਟੀਆਂ ਹੋਣਾ ਆਦਿ ਹਨ। ਜਾਨਵਰਾਂ ਤੋਂ ਫੈਲਣ ਵਾਲੇ ਜੂਨੋਟਿਕ ਰੋਗਾਂ ਤੋਂ ਬਚਾਅ ਲਈ ਜਾਨਵਰਾਂ ਨੂੰ
ਛੂਹਣ ਜਾਂ ਉਨ੍ਹਾਂ ਨਾਲ ਖੇਡਣ ਤੋਂ ਬਾਅਦ ਆਪਣੇ ਹੱਥ ਸਾਬਨ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਜਾਨਵਰਾਂ ਦੇ ਉੱਠਣ-
ਬੈਠਣ, ਖਾਣ-ਪੀਣ ਅਤੇ ਮਲ-ਮੂਤਰ ਕਰਨ ਵਾਲੀ ਥਾਂ ਦੀ ਸਫਾਈ ਦਾ ਖਾਸ ਖਿਆਲ ਰੱਖੋ ਅਤੇ ਘਰੇਲੂ ਜਾਨਵਰਾਂ ਨੂੰ ਸਮੇਂ-ਸਮੇਂ ਸਿਰ
ਵੈਕਸੀਨ ਵੀ ਲਗਾਉਂਦੇ ਰਹੋ। ਇਸ ਤੋਂ ਇਲਾਵਾ ਭੀੜ-ਭਾੜ ਵਾਲੀਆਂ ਥਾਵਾਂ 'ਤੇ ਜਾਣ ਵੇਲੇ ਆਪਣਾ ਮੂੰਹ ਢੱਕ ਕੇ ਰੱਖੋ ਅਤੇ ਆਪਣੇ ਹੱਥਾਂ
ਦੀ ਨਿਯਮਤ ਸਫਾਈ ਕਰਦੇ ਰਹੋ।
ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ ਵੱਲੋਂ ਜਾਣਕਾਰੀ ਦਿੰਦੀਆਂ ਦੱਸਿਆ ਗਿਆ ਕਿ ਵਿਸ਼ਵ ਸਵਾਸਥ ਸੰਗਠਨ
ਦੇ ਮੁਤਾਬਿਕ ਵਿਸ਼ਵ ਪੱਧਰ 'ਤੇ ਇਸ ਬਿਮਾਰੀ ਦੇ ਕਰੀਬ ਇਕ ਬਿਲੀਅਨ ਮਾਮਲੇ ਹਰ ਸਾਲ ਸਾਹਮਣੇ ਆਉਂਦੇ ਹਨ ਅਤੇ ਲੱਖਾਂ ਮੌਤਾਂ ਵੀ
ਹਰ ਸਾਲ ਇਸ ਬਿਮਾਰੀ ਨਾਲ ਹੋ ਜਾਂਦੀਆਂ ਹਨ। ਇਸ ਲਈ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਸਾਨੂੰ ਸਚੇਤ ਰਹਿਣਾ ਚਾਹੀਦਾ ਹੈ ਅਤੇ
ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਦਾ ਫਾਇਦਾ ਲੈਣਾ ਚਾਹੀਦਾ ਹੈ। ਜੂਨੋਟਿਕ ਰੋਗਾਂ ਤੋਂ ਬਚਾਅ ਲਈ ਜਾਗਰੂਕ ਕਰਦੇ ਹੋਏ
ਉਨ੍ਹਾਂ ਦੱਸਿਆ ਕਿ ਜੇਕਰ ਘਰਾਂ ਵਿੱਚ ਕੋਈ ਜਾਨਵਰ ਹੋਵੇ ਤਾਂ ਸਫਾਈ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ। ਕੁੱਤੇ ਦੇ ਵੱਢਣ ਨੂੰ
ਅਣਦੇਖਾ ਨਾ ਕਰੋ ਕਿਉਂਕਿ ਇਹ ਜਾਨਲੇਵਾ ਹੋ ਸਕਦਾ ਹੈ। ਰੈਬੀਜ਼ ਸੌ ਫੀਸਦ ਘਾਤਕ ਰੋਗ ਹੈ ਪਰ ਇਸ ਤੋਂ ਆਸਾਨੀ ਨਾਲ ਬਚਾਅ ਕੀਤਾ
ਜਾ ਸਕਦਾ ਹੈ। ਰੈਬੀਜ਼ ਤੋਂ ਬਚਾਅ ਲਈ ਕੁੱਤੇ ਵਲੋਂ ਕੱਟੇ ਜਾਣ ਦੀ ਹਾਲਤ ਵਿੱਚ ਜਖ਼ਮ ਨੂੰ ਚਲਦੇ ਨਲਕੇ ਜਾਂ ਟੂਟੀ ਦੇ ਪਾਣੀ ਅਤੇ ਸਾਬਣ
ਨਾਲ ਧੋ ਲੈਣਾ ਚਾਹੀਦਾ ਹੈ ਅਤੇ ਬਿਨਾ ਦੇਰੀ ਤੋਂ ਡਾਕਟਰ ਨਾਲ ਰੈਬੀਜ਼ ਦੇ ਇਲਾਜ਼ ਲਈ ਸੰਪਰਕ ਕਰਨਾ ਚਾਹੀਦਾ ਹੈ। ਰੈਬੀਜ਼ ਤੋਂ ਬਚਾਅ
ਲਈ ਐਂਟੀ ਰੈਬੀਜ਼ ਇੰਜੈਕਸਨ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਲਗਾਏ ਜਾਂਦੇ ਹਨ। ਇਸ ਮੌਕੇ ਵੈਟਰਨਰੀ ਅਫ਼ਸਰ ਡਾ. ਹੇਗੋ ਪਾਲ,
ਡਾ. ਸੰਜੀਵ ਕੁਮਾਰ, ਡਾ. ਐਸ.ਐਸ. ਕਟਾਰੀਆ, ਡਾ. ਖੁਸ਼ੀ ਕੁਮਾਰ, ਡਾ. ਹਰਪ੍ਰੀਤ ਕੌਰ, ਡਾ. ਰਵਿੰਦਰ ਕੌਰ, ਵੈਟਨਰੀ ਇੰਸਪੈਕਟਰ
ਮਹਿੰਦਰ ਪਾਲ, ਚਰਨਜੀਤ ਸਿੰਘ ਆਦਿ ਮੌਜੂਦ ਸਨ।