
ਫਗਵਾੜਾ 5 ਮਈ (ਸ਼਼ਿਵ ਕੋੋੜਾ) ਸ਼ਹਿਰ ਦੇ ਵਾਰਡ ਨੰਬਰ 7 ਵਿਖੇ ਸਮਾਜ ਸੇਵਿਕਾ ਪਿੰਕੀ ਭਾਟੀਆ ਦੇ ਯਤਨਾ ਸਦਕਾ 90 ਐਲ.ਈ.ਡੀ. ਸਟ੍ਰੀਟ ਲਾਈਟਾਂ ਲਗਵਾਈਆਂ ਗਈਆਂ ਇਸ ਮੌਕੇ ਪਿੰਕੀ ਭਾਟੀਆ ਦੇ ਨਾਲ ਮੌਜੂਦ ਕਾਂਗਰਸੀ ਆਗੂ ਮੁਕੇਸ਼ ਭਾਟੀਆ ਨੇ ਦੱਸਿਆ ਕਿ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਯਤਨਾ ਸਦਕਾ ਵਾਰਡ ਦਾ ਸਮੁੱਚਾ ਵਿਕਾਸ ਕਰਵਾਇਆ ਜਾ ਰਿਹਾ ਹੈ। ਕਾਫੀ ਗਲੀਆਂ ਵਿਚ ਸਟ੍ਰੀਟ ਲਾਈਟ ਨਾ ਹੋਣ ਕਰਕੇ ਰਾਤ ਸਮੇਂ ਇੱਥੋਂ ਦੇ ਵਸਨੀਕਾਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਸੀ। ਜਿਹਨਾਂ ਗਲੀਆਂ ਦੀਆਂ ਲਾਈਟਾਂ ਖਰਾਬ ਸਨ ਉਹ ਬਦਲਵਾ ਦਿੱਤੀਆਂ ਗਈਆਂ ਹਨ ਅਤੇ ਜਿੱਥੇ ਨਵੀਂਆਂ ਲਾਈਟਾਂ ਦੀ ਲੋੜ ਸੀ ਉੱਥੇ ਨਵੀਆਂ ਲਾਈਟਾਂ ਲਗਵਾ ਦਿੱਤੀਆਂ ਹਨ। ਉਹਨਾਂ ਦੱਸਿਆ ਕਿ ਕੋਵਿਡ-19 ਦੇ ਪ੍ਰਕੋਪ ਨੂੰ ਦੇਖਦੇ ਹੋਏ ਵਾਰਡ ਵਿਚ ਨਗਰ ਨਿਗਮ ਫਗਵਾੜਾ ਦੇ ਸਹਿਯੋਗ ਨਾਲ ਜਲਦੀ ਹੀ ਸੈਨੀਟਾਈਜ ਛਿੜਕਾਅ ਕਰਵਾਇਆ ਜਾਵੇਗਾ। ਉਹਨਾਂ ਜਿੱਥੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਉੱਥੇ ਹੀ ਵਾਰਡ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਕੋਵਿਡ-19 ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਪ੍ਰਸ਼ਾਸਨਿਕ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਕੋਵਿਡ ਵੈਕਸੀਨ ਦਾ ਟੀਕਾ ਜਰੂਰ ਲਗਵਾਉਣ ਤਾਂ ਜੋ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।