ਜਲੰਧਰ, 9 ਫਰਵਰੀ
ਇਕ ਛੱਤ ਹੇਠਾਂ ਨਿਰਧਾਰਤ ਸਮੇਂ ਅੰਦਰ ਨਿਰਵਿਘਨ ਅਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਜਲੰਧਰ ਪੱਛਮੀ ਤੋਂ ਵਿਧਾਨ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੰਗਲਵਾਰ ਨੂੰ ਮਾਲ, ਪੁਲਿਸ ਅਤੇ ਟਰਾਂਸਪੋਰਟ ਵਿਭਾਗਾਂ ਨਾਲ ਸਬੰਧਤ 56 ਨਵੀਆਂ ਨਾਗਰਿਕ ਕੇਂਦਰਿਤ ਸੇਵਾਵਾਂ ਲੋਕਾਂ ਨੂੰ ਸਮਰਪਿਤ ਕੀਤੀਆਂ, ਜਿਹੜੀਆਂ ਕਿ ਸੇਵਾ ਕੇਂਦਰ ਰਾਹੀਂ ਮੁਹੱਈਆ ਕਰਵਾਈਆਂ ਜਾਣਗੀਆਂ ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਆਂ ਸੇਵਾਵਾਂ ਦੀ ਵਰਚੂਅਲ ਸ਼ੁਰੂਆਤ ਵਿੱਚ ਹਿੱਸਾ ਲੈਂਦਿਆਂ ਵਿਧਾਇਕ ਜਲੰਧਰ ਪੱਛਮੀ ਅਤੇ ਡਿਪਟੀ ਕਮਿਸ਼ਨਰ ਕਿਹਾ ਕਿ 56 ਨਵੀਆਂ ਸੇਵਾਵਾਂ ਵਿੱਚੋਂ 20 ਸੇਵਾਵਾਂ ਪੁਲਿਸ, ਇੱਕ ਮਾਲ ਅਤੇ 35 ਟਰਾਂਸਪੋਰਟ ਵਿਭਾਗ ਨਾਲ ਸਬੰਧਤ ਹਨ।
ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਦੇ 33 ਸੇਵਾ ਕੇਂਦਰਾਂ ਰਾਹੀਂ ਕੁੱਲ 327 ਨਾਗਰਿਕ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ।
ਸੁਸ਼ੀਲ ਕੁਮਾਰ ਰਿੰਕੂ ਅਤੇ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸੇਵਾ ਕੇਂਦਰਾਂ ਦੇ ਕੰਮਕਾਜ ਸੰਬੰਧੀ ਨਾਗਰਿਕਾਂ ਦੀ ਪ੍ਰਤੀਕਿਰਿਆ ਜਾਨਣ ਲਈ ਇਕ ਕਾਰਜਵਿਧੀ ਵੀ ਤਿਆਰ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਲਈ 327 ਨਾਗਰਿਕ ਸੇਵਾਵਾਂ ਇਕ ਛੱਤ ਹੇਠਾਂ ਮੁਹੱਈਆ ਕਰਵਾਉਣ ਵਾਸਤੇ ਸੇਵਾ ਕੇਂਦਰ ਖੋਲ੍ਹੇ ਗਏ ਹਨ ਅਤੇ ਸੇਵਾਵਾਂ ਪ੍ਰਦਾਨ ਕਰਨ ਵਿੱਚ ਕਿਸੇ ਵੀ ਕਿਸਮ ਦੀ ਢਿੱਲਮੱਠ ਨਾਲ ਸਖਤੀ ਨਾਲ ਪੇਸ਼ ਆਇਆ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਲੰਧਰ ਵੱਲੋਂ ਜੁਲਾਈ ਤੋਂ ਸਰਕਾਰ ਦੁਆਰਾ ਨਿਰਧਾਰਤ ਕੀਤੇ ਸਮੇਂ ਅਨੁਸਾਰ ਜਨਤਕ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਤੱਕ ਦਾ ਸਭ ਤੋਂ ਘੱਟ ਪੈਂਡੈਂਸੀ ਰੇਟ ਹੈ।
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਬੇਲੋੜੀ ਦੇਰੀ ਤੋਂ ਬਚਣ ਲਈ ਲੋਕਾਂ ਨੂੰ ਸੇਵਾਵਾਂ ਦੀ ਤੁਰੰਤ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਅਧਿਕਾਰੀਆਂ ਵੱਲੋਂ ਸੇਵਾ ਕੇਂਦਰਾਂ ਵਿੱਚ ਬਾਕਾਇਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਸਮੁੱਚੀਆਂ ਅਰਜ਼ੀਆਂ ਦਾ ਸਮਾਂ-ਬੱਧ ਤਰੀਕੇ ਨਾਲ ਨਿਪਟਾਰਾ ਯਕੀਨੀ ਬਣਾਇਆ ਜਾ ਰਿਹਾ ਹੈ।
ਇਸ ਦੌਰਾਨ ਸਥਾਨਕ ਅਮਨ ਨਗਰ ਦੇ ਵਸਨੀਕ ਕੁਲਵਿੰਦਰ ਕੁਮਾਰ ਨੇ ਵੀਡੀਓ-ਕਾਨਫਰੰਸ ਰਾਹੀਂ ਮੁੱਖ ਮੰਤਰੀ ਨਾਲ ਗੱਲਬਾਤ ਵੀ ਕੀਤੀ ਅਤੇ ਆਪਣੀ ਪੋਤੀ ਦੇ ਜਨਮ ਸਰਟੀਫਿਕੇਟ ਦੀ ਕਾਪੀ ਸਮੇਂ ਸਿਰ ਉਪਲਬਧ ਕਰਵਾਉਣ ਲਈ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ।
ਇਸ ਮੌਕੇ ਮੌਜੂਦ ਪਤਵੰਤੇ ਸੱਜਣਾਂ ਵਿੱਚ ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਡਿਪਟੀ ਜਨਰਲ ਮੈਨੇਜਰ (ਵਪਾਰ ਵਿਸ਼ਲੇਸ਼ਕ) ਪ੍ਰਭਾਕਰ ਸਿੰਘ, ਜ਼ਿਲ੍ਹਾ ਤਕਨੀਕੀ ਕੋਆਰਡੀਨੇਟਰ ਹਤਿੰਦਰ ਮਲਹੋਤਰਾ, ਜ਼ਿਲ੍ਹਾ ਮੈਨੇਜਰ ਹਰਪ੍ਰੀਤ ਸਿੰਘ, ਜ਼ਿਲ੍ਹਾ ਈ-ਮੇਲ ਗਵਰਨੈਂਸ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਅਤੇ ਹੋਰ ਸ਼ਾਮਿਲ ਸਨ।