ਫਗਵਾੜਾ 2 ਦਸੰਬਰ (ਸ਼ਿਵ ਕੋੜਾ) ਫਗਵਾੜਾ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਦੋਸ਼ ਲਾਇਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕੋਵਿਡ-19 ਕੋਰੋਨਾ ਆਫਤ ਦੌਰਾਨ ਗਰੀਬ ਤੇ ਲੋੜਵੰਦ ਲੋਕਾਂ ਨੂੰ ਫਰੀ ਵੰਡਣ ਲਈ ਜੋ ਕਣਕ ਭੇਜੀ ਜਾ ਰਹੀ ਹੈ ਉਸਨੂੰ ਕਾਂਗਰਸ ਪਾਰਟੀ ਵਲੋਂ ਜਾਣਬੁੱਝ ਕੇ ਵੰਡਿਆ ਨਹੀਂ ਜਾ ਰਿਹਾ। ਉਹਨਾਂ ਕਿਹਾ ਕਿ ਫਗਵਾੜਾ ਦੇ ਕੁੱਝ ਕਾਂਗਰਸੀ ਆਗੂ ਦਾਅਵਾ ਕਰਦੇ ਹਨ ਕਿ ਕੋਰੋਨਾ ਆਫਤ ‘ਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਲੋਕਾਂ ਦੀ ਬਾਂਹ ਫੜੀ ਹੈ ਪਰ ਅਸਲੀਅਤ ਇਹ ਹੈ ਕਿ ਧਾਲੀਵਾਲ ਨੇ ਸਿਰਫ ਉਹਨਾਂ ਦੀ ਹੀ ਬਾਂਹ ਫੜੀ ਹੈ ਜੋ ਧਾਲੀਵਾਲ ਅਤੇ ਕਾਂਗਰਸ ਪਾਰਟੀ ਦਾ ਗੁਣਗਾਨ ਕਰਦੇ ਹਨ। ਸਾਬਕਾ ਮੇਅਰ ਨੇ ਕਿਹਾ ਕਿ ਉਹਨਾਂ ਦੇ 18 ਨੰਬਰ ਵਾਰਡ ਵਿਚ ਡੇਢ ਮਹੀਨਾ ਪਹਿਲਾਂ ਫਰੀ ਕਣਕ ਵੰਡਣ ਲਈ ਪਰਚੀਆਂ ਕੱਟੀਆਂ ਗਈਆਂ ਸੀ ਪਰ ਹੁਣ ਤਕ ਲੋਕਾਂ ਨੂੰ ਕਣਕ ਨਹੀਂ ਦਿੱਤੀ ਗਈ। ਭਾਜਪਾ ਨਾਲ ਬੇਸ਼ਕ ਰੰਜਿਸ਼ ਹੋ ਸਕਦੀ ਹੈ ਲੇਕਿਨ ਵਿਧਾਇਕ ਨੂੰ ਦੱਸਣਾ ਚਾਹੀਦਾ ਹੈ ਕਿ ਗਰੀਬ ਲੋਕਾਂ ਨੂੰ ਸਜਾ ਕਿਉਂ ਦਿੱਤੀ ਜਾ ਰਹੀ ਹੈ। ਅਰੁਣ ਖੋਸਲਾ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੋਦੀ ਸਰਕਾਰ ਦੀ ਭੇਜੀ ਫਰੀ ਕਣਕ ਜਲਦੀ ਤੋਂ ਜਲਦੀ ਉਹਨਾਂ ਸਾਰਿਆਂ ਲੋੜਵੰਦਾਂ ਨੂੰ ਵੰਡੀ ਜਾਵੇ ਜਿਹਨਾਂ ਦੀਆਂ ਪਰਚੀਆਂ ਕੱਟੀਆਂ ਜਾ ਚੁੱਕੀਆਂ ਹਨ।