
ਜਲੰਧਰ 15 ਮਾਰਚ 2021
ਜ਼ਿਲ੍ਹੇ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਹੋਰ ਹੁਲਾਰਾ ਅਤੇ ਹੇਠਲੇ ਪੱਧਰ ਤੱਕ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਤਹਿਤ ਵਿਧਾਇਕ ਜਲੰਧਰ ਕੈਂਟ ਸ੍ਰ.ਪਰਗਟ ਸਿੰਘ ਵਲੋਂ ਪਿੰਡ ਸੰਸਾਰਪੁਰ ਅਤੇ ਧੀਣਾ ਵਿਖੇ 62 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਸਪੋਰਟਸ ਪਾਰਕ ਅਤੇ ਖੇਡ ਸਟੇਡੀਅਮ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ।ਸਪੋਰਟਸ ਪਾਰਕ ਅਤੇ ਖੇਡ ਸਟੇਡੀਅਮ ਦੇ ਨਿਰਮਾਣ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨਾਂ ਦੋਵਾਂ ਪ੍ਰੋਜੈਕਟਾਂ ’ਤੇ 62 ਲੱਖ ਰੁਪਏ ਖ਼ਰਚੇ ਜਾਣਗੇ ਜਿਸ ਨੂੰ ਅਗਲੇ ਦੋ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਧੀਣਾ ਵਿਖੇ 51 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਸਪੋਰਟਸ ਪਾਰਕ ਵਿਖੇ ਐਥਲੈਟਿਕ ਟਰੈਕ, ਸਪਰਿੰਕਿਲ ਸਟੇਡੀਅਮ, ਚਾਰ ਦੀਵਾਰੀ, ਰੈਸਟ ਰੂਮ, ਬਾਥਰੂਮ ਅਤੇ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਜਦਕਿ ਪਿੰਡ ਸੰਸਾਰਪੁਰ ਵਿਖੇ ਬਣਾਏ ਜਾ ਰਹੇ ਖੇਡ ਸਟੇਡੀਅਮ ਵਿਖੇ 11 ਲੱਖ ਰੁਪਏ ਦੀ ਲਾਗਤ ਨਾਲ ਖੇਡ ਬੁਨਿਆਦੀ ਢਾਂਚਾ ਅਪਗੇ੍ਰਡ ਕੀਤਾ ਜਾਵੇਗਾ।ਸ੍ਰ.ਪਰਗਟ ਸਿੰਘ ਵਲੋਂ ਇਸ ਮੌਕੇ ਫੁੱਟਬਾਲ ਅਤੇ ਹਾਕੀ ਦੇ ਉਭਰਦੇ ਫੁੱਟਬਾਲ ਦੇ 100 ਅਤੇ ਹਾਕੀ ਦੇ 50 ਖਿਡਾਰੀਆਂ ਨੂੰ 2.75 ਲੱਖ ਰੁਪਏ ਦੀ ਲਾਗਤ ਦੀਆਂ ਸਪੋਰਟਸ ਕਿੱਟਾਂ ਵੀ ਤਕਸੀਮ ਕੀਤੀਆਂ ਗਈਆਂ। ਉਨ੍ਹਾ ਉਭਰਦੇ ਖਿਡਾਰੀਆਂ ਨੂੰ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਭਰੋਸਾ ਦਿੱਤਾ ਕਿ ਜੇ ਲੋੜ ਪਈ ਤਾਂ ਖਿਡਾਰੀਆਂ ਨੂੰ ਹੋਰ ਸਪੋਰਟਸ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਜ਼ਮੀਨੀ ਪੱਧਰ ’ਤੇ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਖਿਡਾਰੀਆਂ ਨਾਲ ਰੂਬਰੂ ਹੁੰਦਿਆਂ ਵਿਧਾਇਕ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਅਥਾਹ ਊਰਜਾ ਨੂੰ ਖੇਡਾਂ ਵਾਲੇ ਪਾਸੇ ਲਗਾ ਕੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣ। ਉਨ੍ਹਾਂ ਅੱਗੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਬੱਚਿਆਂ ਖਾਸ ਕਰਕੇ ਨੌਜਵਾਨਾਂ ਵਿਚਕਾਰ ਖੇਡ ਸਭਿਆਚਾਰ ਨੂੰ ਵਿਕਸਿਤ ਕੀਤਾ ਜਾਵੇ। ਉਨ੍ਹਾਂ ਉਭਰਦੇ ਖਿਡਾਰੀਆਂ ਨੂੰ ਕਿਹਾ ਕਿ ਸਰਵਪੱਖੀ ਸਖ਼ਸੀਅਤ ਵਿਕਾਸ ਲਈ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵੱਲ ਵੀ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਵਧੀਆ ਢੰਗ ਨਾਲ ਖੇਡ ਅਭਿਆਸ ਕਰਨ ਲਈ ਹੋਰ ਸਪੋਰਟਸ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆ।ਖੇਡਾਂ ਦੇ ਖੇਤਰ ਵਿੱਚ ਵੱਡਾਮੁੱਲਾ ਯੋਗਦਾਨ ਪਾਉਣ ਲਈ ਵਿਧਾਇਕ ਪਰਗਟ ਸਿੰਘ ਦਾ ਧੰਨਵਾਦ ਕਰਦਿਆਂ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਕਿਹਾ ਕਿ ਵਿਧਾਨਸਭਾ ਹਲਕਾ ਜਲੰਧਰ ਕੈਂਟ ਵਿਖੇ ਪਿਛਲੇ ਕੁਝ ਸਾਲਾਂ ਤੋਂ ਖੇਡ ਬੁਨਿਆਦੀ ਢਾਂਚੇ ਵਿੱਚ ਸ਼ਾਨਦਾਰ ਵਾਧਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਲਕੇ ਵਿੱਚ ਸਪੋਰਟਸ ਪਾਰਕ ਅਤੇ ਖੇਡ ਸਟੇਡੀਅਮ ਬਣਨ ਨਾਲ ਹਲਕੇ ਨੂੰ ਵਿਕਾਸ ਪਖੋਂ ਨਵੀਆਂ ਉਚਾਈਆਂ ’ਤੇ ਲੈ ਕੇ ਜਾਵੇਗਾ ਅਤੇ ਜ਼ਿਲ੍ਹੇ ਨੂੰ ਸਪੋਰਟਸ ਹੱਬ ਵਲੋਂ ਵਿਕਸਿਤ ਕਰਨ ਦੇ ਸੁਪਨੇ ਨੂੰ ਸਾਕਾਰ ਬਣਾਏਗਾ।
ਇਸ ਮੌਕੇ ਮੇਸ਼ੀ ਭੱਟੀ, ਬਚਿੱਤਰ, ਸੁਖਰਾਜ ਪੰਜਾਬ, ਜਰਨੈਲ ਸਿੰਘ ਕੋਚ, ਵਿੱਕੀ ਬੰਗੜ, ਉਪਿੰਦਰ ਕੁਲਾਰ, ਲੱਕੀ ਬੈਂਸ, ਸੁੱਖਾ ਦੋਸਾਂਝ,ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ ਕੁਲਾਰ, ਕਿਸ਼ਨ ਸਿੰਘ ਅਤੇ ਅਜੀਤ ਸਿੰਘ ਨਹਿਰੂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।