ਜਲੰਧਰ: ਵਿੱਦਿਆ, ਖੇਡਾਂ ਅਤੇ ਕਲਾ ਦੇ ਖੇਤਰ ਵਿੱਚ ਨਿੱਤ ਨਵੀਆਂ ਉੱਚ-ਪੱਧਰੀ ਪ੍ਰਾਪਤੀਆਂ ਹਾਸਲ ਕਰ ਰਹੀ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਕਾਲਜ ਦੇ ਗਵਰਨਿੰਗ ਕੌਂਸਲ ਦੇ ਸਾਬਕਾ ਪ੍ਰਧਾਨ, ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੰਤਰੀ ਪੰਜਾਬ ਰਹੇ ਸਵ. ਸ. ਬਲਬੀਰ ਸਿੰਘ ਦੇ 82ਵੇਂ ਜਨਮ ਦਿਨ ਨੂੰ ਸਮਰਪਿਤ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਵਿਸ਼ੇਸ਼ ਵਰਚੁਅਲ ਮਿਲਣੀ ਕਰਵਾਈ ਗਈ। ਇਸ ਸਮਾਗਮ ਵਿਚ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨੇ ਸ. ਬਲਬੀਰ ਸਿੰਘ ਜੀ ਨੂੰ ਯਾਦ ਕਰਦਿਆਂ ਸ਼ਮਾਂ ਰੌਸ਼ਨ ਕਰਕੇ ਸਮਾਗਮ ਦਾ ਆਰੰਭ ਕੀਤਾ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸਰਦਾਰਨੀ ਬਲਬੀਰ ਕੌਰ ਅਤੇ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀ ਸ਼ਾਮਲ ਹੋਏ। ਉਹਨਾਂ ਆਪਣੇ ਕਾਲਜ ਵਿਖੇ ਬਿਤਾਏ ਦਿਨ ਯਾਦ ਕੀਤੇ ਅਤੇ ਸ. ਬਲਬੀਰ ਸਿੰਘ ਦੇ ਉੱਚੇਰੀ ਸਿੱਖਿਆ ਅਤੇ ਸਮਾਜ ਸੇਵਾ ਵਿੱਚ ਪਾਏ ਯੋਗਦਾਨ ਬਾਰੇ ਚਰਚਾ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਾਲਜ ਦੇ ਮਾਣ-ਮੱਤੇ ਇਤਿਹਾਸ ਨੂੰ ਸਿਰਜਣ ਵਿਚ ਇਸ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਹੈ। ਉਹਨਾਂ ਕਿਹਾ ਕਿ ਕਾਲਜ ਆਪਣੇ ਪੁਰਾਣੇ ਵਿਦਿਆਰਥੀਆਂ ਨੁੰ ਬਣਦਾ ਮਾਨ-ਸਨਮਾਨ ਦੇਣ ਲਈ ਹਮੇਸ਼ਾ ਪ੍ਰਤੀਬੱਧ ਰਿਹਾ ਹੈ ਤੇ ਭਵਿੱਖ ਵਿੱਚ ਹੋਰ ਅਜਿਹੇ ਮੌਕੇ ਸਿਰਜਨ ਲਈ ਯਤਨਸ਼ੀਲ ਰਹੇਗਾ। ਉਨਾਂ ਸ. ਬਲਬੀਰ ਸਿੰਘ ਦੀ ਬਤੌਰ ਗਵਰਨਿੰਗ ਕੌਂਸਲ ਪ੍ਰਧਾਨ ਕਾਲਜ ਨੂੰ ਦੇਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਨਾਂ ਦੀ ਦੂਰ-ਅੰਦੇਸ਼ੀ ਸੋਚ ਸਦਕਾ ਇਲਾਕੇ ਵਿੱਚ ਕੰਪਿਊਟਰ ਦੀ ਸਿੱਖਿਆ ਸਭ ਤੋਂ ਪਹਿਲਾ ਸ਼ੁਰੂ ਕੀਤੀ ਗਈ। ਉਹਨਾਂ ਦੁਆਰਾ ਪਾਏ ਪੂਰਨਿਆਂ ਸਦਕਾ ਕਾਲਜ ਨੇ ਖੇਡਾਂ ਦੇ ਖੇਤਰ ਵਿਚ 24 ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤੇਜਾ ਸਿੰਘ ਸਮੁੰਦਰੀ ਟ੍ਰਾਫੀ ਜਿੱਤੀ। ਕਲਚਰਲ ਖੇਤਰ ਵਿਚ ਕਾਲਜ ਨੇ ਜਿੱਥੇ ਨਾਮਵਰ ਕਲਾਕਾਰ ਪੈਦਾ ਕੀਤੇ, ਉਥੇ ਯੂਨੀਵਰਸਿਟੀ ਦੇ ਇੰਟਰ ਜ਼ੋਨਲ ਯੁਵਕ ਮੇਲੇ ਦੀ ਓਵਰਆਲ ਟਰਾਫੀ ਜਿੱਤੀ। ਇਸੇ ਤਰ੍ਹਾਂ ਜ਼ੋਨਲ ਯੁਵਕ ਮੇਲਿਆਂ ਵਿੱਚ ਤਿੰਨ ਵਾਰ ਓਵਰਆਲ ਟ੍ਰਾਫੀ ਜਿੱਤੀ ਅਤੇ ਤਿੰਨ ਵਾਰ ਫਸਟ ਰੱਨਰਅਪ ਟ੍ਰਾਫੀ ਤੇ ਵੀ ਕਾਬਜ਼ ਰਹੇ। ਸ. ਬਲਬੀਰ ਸਿੰਘ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਇਸੇ ਕਰਕੇ ਵਿੱਦਿਆ ਅਤੇ ਰਾਜਨੀਤੀ ਦੀਆਂ ਦੋ ਬੇੜੀਆਂ ਵਿੱਚ ਸਵਾਰ ਹੋ ਕੇ ਵੀ ਉਹ ਦੋਹਾਂ ਖੇਤਰਾਂ ਵਿੱਚ ਅਣਥੱਕ ਤੇ ਵੱਡਮੁੱਲੀਆਂ ਸੇਵਾਵਾਂ ਦਿੰਦੇ ਰਹੇ। ਸਮਾਗਮ ਦਾ ਫੇਸਬੁੱਕ ਤੇ ਆਨਲਾਈਨ ਲਾਈਵ ਟੈਲੀਕਾਸਟ ਕੀਤਾ ਗਿਆ। ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਸੰਜੀਵ ਆਨੰਦ ਨੇ ਸਭਨਾ ਦਾ ਧੰਨਵਾਦ ਕੀਤਾ। ਇਸ ਕਾਲਜ ਦੇ ਪੁਰਾਣੇ ਵਿਦਿਆਰਥੀ ਜੋ ਕਿ ਹੁਣ ਸਟਾਫ ਮੈਂਬਰ ਹਨ ਵੀ ਹਾਜ਼ਰ ਸਨ।