ਹੁਸ਼ਿਆਰਪੁਰ :ਹੁਸ਼ਿਆਰਪੁਰ ਵੱਖ-ਵੱਖ ਸਿੱਖ ਅਤੇ ਦਲਿਤ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਵਿਰੁੱਧ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਹੁਸ਼ਿਆਰਪੁਰ ‘ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਬੰਦ ਦੌਰਾਨ ਜਿੱਥੇ ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ (ਅ), ਅੰਬੇਡਕਰ ਫੋਰਸ, ਸ੍ਰੀ ਗੁਰੂ ਰਵਿਦਾਸ ਫੋਰਸ, ਭਗਵਾਨ ਵਾਲਮੀਕਿ ਧਰਮ ਰੱਖਿਆ ਸੰਘ, ਕ੍ਰਿਸਚੀਅਨ ਨੈਸ਼ਨਲ ਫ਼ਰੰਟ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਤੇ ਮੈਂਬਰਾਂ ਵਲੋਂ ਸ਼ਹਿਰ ਦੇ ਬਾਜ਼ਾਰਾਂ ਨੂੰ ਬੰਦ ਕਰਵਾਉਣ ਦਾ ਯਤਨ ਕੀਤਾ ਗਿਆ, ਉੱਥੇ ਭਾਜਪਾ ਅਤੇ ਹਿੰਦੂ ਜਥੇਬੰਦੀ ਦੇ ਆਗੂਆਂ ਨੇ ਬੰਦ ਕਰਵਾ ਰਹੀਆਂ ਜਥੇਬੰਦੀਆਂ ਦਾ ਵਿਰੋਧ ਕੀਤਾ, ਜਿਸ ਕਾਰਨ ਸ਼ਹਿਰ ‘ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਹਾਲਾਂਕਿ ਇੱਥੇ ਸੜਕੀ ਆਵਾਜਾਈ ਆਮ ਵਾਂਗ ਹੀ ਚੱਲ ਰਹੀ ਹੈ। ਜ਼ਿਲ੍ਹਾ ਪੁਲਿਸ ਵਲੋਂ ਵੀ ਮੁਸਤੈਦੀ ਨਾਲ ਜਗ੍ਹਾ-ਜਗ੍ਹਾ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਨਾਕੇ ਲਗਾਏ ਗਏ ਹਨ। ਖ਼ਬਰ ਲਿਖੇ ਜਾਣ ਤੱਕ ਸ਼ਹਿਰ ਜਾਂ ਆਸ-ਪਾਸ ਦੇ ਇਲਾਕੇ ‘ਚ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ।