ਫਗਵਾੜਾ 28 ਨਵੰਬਰ (ਸ਼ਿਵ ਕੋੜਾ) ਫਗਵਾੜਾ ਦੇ ਜੀ.ਟੀ. ਰੋਡ ‘ਤੇ ਸਿਕਸਲੇਨ ਪ੍ਰੋਜੈਕਟ ਤਹਿਤ ਬਣੇ ਫਲਾਈ ਓਵਰ ਦੀਆਂ ਸਟ੍ਰੀਟ ਲਾਈਟਾਂ ਦਾ ਕੰਮ ਮੁੱਕਮਲ ਹੋਣ ਨਾਲ ਜੀ.ਟੀ. ਰੋਡ ਇਲਾਕੇ ‘ਚ ਰਾਤ ਦਾ ਜਗਮਗ ਕਰਦਾ ਨਜਾਰਾ ਬਹੁਤ ਹੀ ਖੂਬਸੂਰਤ ਹੋ ਗਿਆ ਹੈ। ਇਹ ਗੱਲ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਹੀ। ਉਹਨਾਂ ਦੱਸਿਆ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਉਪਰਾਲੇ ਸਦਕਾ ਕੁਝ ਸਮਾਂ ਪਹਿਲਾਂ ਕਈ ਸਾਲਾਂ ਤੋਂ ਰੁਕੇ ਪੁੱਲ ਦੀ ਉਸਾਰੀ ਦੇ ਕੰਮ ਨੂੰ ਮੁਕੱਮਲ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਸੀ ਪਰ ਬਿਜਲੀ ਦੀ ਸਪਲਾਈ ਦੀ ਘਾਟ ਦੇ ਚਲਦਿਆਂ ਸਟ੍ਰੀਟ ਲਾਈਟਾਂ ਦਾ ਕੰਮ ਕੁੱਝ ਹਿੱਸੇ ਵਿਚ ਅਧੂਰਾ ਸੀ ਜਿਸ ਨੂੰ ਵੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਸੋਮ ਪ੍ਰਕਾਸ਼ ਕੈਂਥ ਦੇ ਨਿਰਦੇਸ਼ਾਂ ਹੇਠ ਹਾਈਵੇ ਅਥਾਰਿਟੀ ਵਲੋਂ ਪੂਰਾ ਕਰਵਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਦਾ ਇਹ ਫਗਵਾੜਾ ਵਾਸੀਆਂ ਅਤੇ ਇੱਥੋਂ ਲੰਘਣ ਵਾਲੀ ਸੰਗਤ ਨੂੰ ਇਕ ਹੋਰ ਤੋਹਫਾ ਹੈ। ਉਹਨਾਂ ਦੱਸਿਆ ਕਿ ਪੁਲ ਦੇ ਹੇਠਾਂ ਫੁਟਪਾਥ ਦੀ ਉਸਾਰੀ ਦਾ ਕੰਮ ਵੀ ਜੰਗੀ ਪੱਧਰ ਤੇ ਜਾਰੀ ਹੈ। ਇੱਥੇ ਟਾਈਲਾਂ ਲਗਾਈਆਂ ਜਾ ਰਹੀਆਂ ਹਨ ਜਿੱਥੇ ਸ਼ਹਿਰ ਵਾਸੀ ਸਵੇਰੇ ਸ਼ਾਮ ਸੈਰ ਕਰ ਸਕਣਗੇ। ਫੁਟਪਾਥ ਦੇ ਆਲੇ-ਦੁਆਲੇ ਜੰਗਲੇ ਵੀ ਲਗਾਏ ਜਾ ਰਹੇ ਹਨ ਅਤੇ ਜਲਦੀ ਹੀ ਫੁਲ-ਬੂਟੇ ਲਗਾ ਕੇ ਇਸ ਨੂੰ ਹੋਰ ਵੀ ਖੂਬਸੂਰਤ ਬਣਾਇਆ ਜਾਵੇਗਾ ਤਾਂ ਜੋ ਇੱਥੋਂ ਲੰਘਣ ਵਾਲੇ ਰਾਹਗੀਰਾਂ ਅਤੇ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਖੁਸ਼ਬੂ ਭਰੀ ਸਾਫ ਸੁਥਰੀ ਹਵਾ ਵਿਚ ਸਾਹ ਲੈ ਕੇ ਖੁਸ਼ੀ ਮਹਿਸੂਸ ਹੋ ਸਕੇ। ਉਹਨਾਂ ਸ਼ਹਿਰ ਦਾ ਸਮੁੱਚਾ ਵਿਕਾਸ ਕਰਵਾਉਣ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।