ਫਗਵਾੜਾ 2 ਅਪ੍ਰੈਲ (ਸ਼਼ਿਵ ਕੋੋੜਾ) ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਔਰਤਾਂ ਦੇ ਸਸ਼ਕਤੀਕਰਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਔਰਤਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ ਜਿਸਦੀ ਮਿਸਾਲ ਪੰਚਾਇਤਾਂ, ਕਾਰਪੋਰੇਸ਼ਨਾਂ ਅਤੇ ਨਗਰ ਕੌਂਸਲਾਂ ਵਿਚ ਔਰਤਾਂ ਲਈ ਪੰਜਾਹ ਫੀਸਦੀ ਰਾਖਵੇਂਕਰਣ ਦੇ ਰੂਪ ਵਿਚ ਸਭ ਦੇ ਸਾਹਮਣੇ ਹੈ। ਉਹਨਾਂ 1 ਅਪ੍ਰੈਲ ਤੋਂ ਪੰਜਾਬ ਰੋਡਵੇਜ ਦੀਆਂ ਸਰਕਾਰੀ ਬੱਸਾਂ ਵਿਚ ਔਰਤਾਂ ਲਈ ਫਰੀ ਸਫਰ ਦੀ ਸੁਵਿਧਾ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੈਪਟਨ ਸਰਕਾਰ ਦਾ ਇਹ ਫੈਸਲਾ ਦੂਸਰੇ ਸੂਬਿਆਂ ਲਈ ਵੀ ਮਿਸਾਲ ਹੈ। ਉਹਨਾਂ ਆਮ ਆਦਮੀ ਪਾਰਟੀ ਵਲੋਂ ਔਰਤਾਂ ਦੇ ਬੱਸਾਂ ਵਿਚ ਫਰੀ ਸਫਰ ਦੇ ਕੈਪਟਨ ਸਰਕਾਰ ਦੇ ਫੈਸਲੇ ਦੀ ਨੁਕਤਾਚੀਨੀ ਕਰਨ ਨੂੰ ਮੰਦਭਾਗਾ ਦੱਸਿਆ ਅਤੇ ਕਿਹਾ ਕਿ ਕੈਪਟਨ ਸਰਕਾਰ ਨੂੰ ਸਲਾਹ ਦੇਣ ਤੋਂ ਪਹਿਲਾਂ ‘ਆਪ’ ਆਗੂਆਂ ਨੂੰ ਚਾਹੀਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਚ ਔਰਤਾਂ ਲਈ ਕੁੱਝ ਕਰਨ ਦੀ ਸਲਾਹ ਦੇਣ। ਉਹਨਾਂ ਜਿੱਥੇ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਸਫਰ ਕਰਨ ਸਮੇਂ ਆਪਣਾ ਅਧਾਰ ਕਾਰਡ ਜਾਂ ਕੋਈ ਹੋਰ ਪਹਿਚਾਣ ਪੱਤਰ ਨਾਲ ਰੱਖਣ ਦੀ ਅਪੀਲ ਕੀਤੀ ਉੱਥੇ ਹੀ ਦੱਸਿਆ ਕਿ ਪਿਛਲੀਆਂ ਵਿਧਾਨਸਭਾ ਚੋਣਾਂ ‘ਚ ਕੈਪਟਨ ਅਮਰਿੰਦਰ ਸਿੰਘ ਨੇ ਔਰਤਾਂ ਲਈ ਸਰਕਾਰੀ ਬੱਸਾਂ ਦੇ ਕਿਰਾਏ ਵਿਚ ਪੰਜਾਬ ਫੀਸਦੀ ਛੂਟ ਦਾ ਵਾਅਦਾ ਕੀਤਾ ਸੀ ਪਰ ਇਸ ਤੋਂ ਵੀ ਅਗਾਂਹ ਵੱਧਦੇ ਹੋਏ ਔਰਤਾਂ ਲਈ ਯਾਤਰਾ ਬਿਲਕੁਲ ਫਰੀ ਕਰਨਾ ਕੈਪਟਨ ਸਰਕਾਰ ਦੇ ਔਰਤਾਂ ਪ੍ਰਤੀ ਸਨਮਾਨ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤੇ 85 ਫੀਸਦੀ ਵਾਅਦੇ ਪੂਰੇ ਕਰ ਲਏ ਹਨ ਅਤੇ ਬਾਕੀ ਰਹਿੰਦੇ ਵਾਅਦੇ ਵੀ ਜਲਦੀ ਪੂਰੇ ਕਰ ਦਿੱਤੇ ਜਾਣਗੇ। ਕਿਸੇ ਵੀ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਸੌ ਫੀਸਦੀ ਵਾਅਦੇ ਪੂਰੇ ਹੋਣਾ ਇਕ ਮਿਸਾਲ ਹੈ ਅਤੇ ਇਹ ਰਿਕਾਰਡ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਜਲਦੀ ਹੀ ਕਾਇਮ ਕਰ ਦਿੱਤਾ ਜਾਵੇਗਾ।