ਜਲੰਧਰ, 9 ਫਰਵਰੀ

ਜ਼ਿਲ੍ਹੇ ਵਿਚੋਂ ਬਾਲ ਮਜ਼ਦੂਰੀ ਦੀ ਸਮੱਸਿਆ ਨੂੰ ਖਤਮ ਕਰਨ ਲਈ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ ‘ਤੇ ਪ੍ਰਸ਼ਾਸਨ ਦੀ ਇੱਕ ਲੇਬਰ ਟਾਸਕ ਫੋਰਸ ਨੇ ਮੰਗਲਵਾਰ ਸ਼ਾਮ ਨੂੰ ਜਲੰਧਰ-ਕਪੂਰਥਲਾ ਰੋਡ ‘ਤੇ ਸਥਿਤ ਸਰਜੀਕਲ ਕੰਪਲੈਕਸ ਵਿੱਚ ਇੱਕ ਰਬੜ ਉਦਯੋਗ ਵਿੱਚੋਂ ਚਾਰ ਬਾਲ ਮਜ਼ਦੂਰਾਂ ਨੂੰ ਮੁਕਤ ਕਰਵਾਇਆ।ਇੱਕ ਗੈਰ ਸਰਕਾਰੀ ਸੰਗਠਨ (ਐਨਜੀਓ) ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਗੁਰਮਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਇੱਕ ਟੀਮ ਪੁਲਿਸ ਫੋਰਸ ਨਾਲ ਜਲੰਧਰ-ਕਪੂਰਥਲਾ ਰੋਡ ‘ਤੇ ਸਥਿਤ ਲੈਦਰ ਕੰਪਲੈਕਸ ਵਿਖੇ ਫੈਕਟਰੀ ਪ੍ਰੀਤ ਰਬੜ ਇੰਡਸਟਰੀ ਵਿੱਚ ਪਹੁੰਚੀ।ਡੀਪੀਓ ਗੁਰਮਿੰਦਰ ਸਿੰਘ ਰੰਧਾਵਾ ਨੇ ਵੇਰਵਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕਾਈ ਵਿੱਚੋਂ ਕੁੱਲ ਚਾਰ ਬੱਚਿਆਂ ਨੂੰ ਮੁਕਤ ਕਰਵਾਇਆ ਗਿਆ, ਜਿਨ੍ਹਾਂ ਨੂੰ ਡਾਕਟਰੀ ਜਾਂਚ ਤੋਂ ਬਾਅਦ ਚਾਈਲਡ ਵੈੱਲਫੇਅਰ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਕਮੇਟੀ ਨੇ ਛੁਡਵਾਏ ਗਏ ਬੱਚਿਆਂ ਵਿਚੋਂ ਇਕ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਕਿਉਂਕਿ ਉਸ ਦੀ ਉਮਰ ਐਕਟ ਅਧੀਨ ਨਿਰਧਾਰਤ ਕੀਤੀ ਗਈ ਲੋੜੀਂਦੀ ਉਮਰ ਤੋਂ ਜ਼ਿਆਦਾ ਸੀ।ਉਨ੍ਹਾਂ ਅੱਗੇ ਦੱਸਿਆ ਕਿ ਇਕ ਬੱਚੇ ਨੂੰ ਪਿੰਗਲਾ ਘਰ ਭੇਜਿਆ ਗਿਆ ਹੈ ਜਦਕਿ ਹੋਰਨਾਂ ਦੋ ਨੂੰ ਰਾਜਪੁਰਾ ਪ੍ਰੋਟੈਕਸ਼ਨ ਹੋਮ ਭੇਜ ਦਿੱਤਾ ਗਿਆ ਹੈ। ਡੀਪੀਓ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਆਪਣੀ ਫਰਮ ਵਿੱਚ ਬਾਲ ਮਜ਼ਦੂਰੀ ਕਰਵਾਉਣ ਵਾਲੇ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਛਾਪੇਮਾਰੀ ਦੌਰਾਨ ਐਲ. ਪੀ. ਓ. ਸੰਦੀਪ ਸਿੰਘ, ਸੀ. ਪੀ. ਓ. ਹਰਨੀਤ ਕੌਰ, ਐਸ.ਐਚ.ਓ. ਬਸਤੀ ਬਾਵਾ ਖੇਲ ਥਾਣਾ ਗਗਨਦੀਪ ਸਿੰਘ ਸੇਖੋਂ, ਡਿਪਟੀ ਡਾਇਰੈਕਟਰ ਫੈਕਟਰੀ ਸੁਖਮਿੰਦਰ ਸਿੰਘ, ਲੇਬਰ ਇਨਫੋਰਸਮੈਂਟ ਅਫ਼ਸਰ ਚੰਦਨ ਗਿੱਲ ਅਤੇ ਹੋਰ ਮੌਜੂਦ ਸਨ ।