ਫਗਵਾੜਾ 11 ਅਕਤੂਬਰ (ਸ਼ਿਵ ਕੋੜਾ) ਮਾਤਾ ਵੈਸ਼ਨੋ ਦੇਵੀ ਮੰਦਰ ਪਿੰਡ ਡੁਮੇਲੀ ਤਹਿਸੀਲ ਫਗਵਾੜਾ ਵਿਖੇ 31ਵਾਂ ਸਲਾਨਾ ਮੇਲਾ ਅਤੇ ਭਗਵਤੀ ਜਾਗਰਣ 13 ਅਕਤੂਬਰ ਦਿਨ ਬੁੱਧਵਾਰ ਦੁਰਗਾ ਅਸ਼ਟਮੀ ਨੂੰ ਮੰਦਰ ਦੇ ਗੱਦੀ ਨਸ਼ੀਨ ਧਰਮ ਦੇਵਾ ਜੀ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਭਗਤ ਦੌਲਤ ਰਾਮ ਅਤੇ ਭਗਤ ਸਰਬਜੀਤ ਸਾਬੀ ਡੁਮੇਲੀ ਨੇ ਦੱਸਿਆ ਕਿ ਸਵੇਰੇ 9 ਵਜੇ ਚਾਹ ਪਕੌੜਿਆਂ ਦਾ ਲੰਗਰ, ਝੰਡੇ ਦੀ ਰਸਮ 12 ਵਜੇ, ਮਈਆ ਜੀ ਦਾ ਭੰਡਾਰਾ ਦੁਪਿਹਰ 12.30 ਵਜੇ, ਹਵਨ ਸ਼ਾਮ 4 ਵਜੇ ਕਰਵਾਇਆ ਜਾਵੇਗਾ। ਉਪਰੰਤ ਸ਼ਾਮ 7 ਵਜੇ ਮਹਾਮਾਈ ਦਾ ਲੰਗਰ ਅਤੁਟ ਵਰਤਾਇਆ ਜਾਵੇਗਾ। ਰਾਤ 9 ਵਜੇ ਭਗਵਤੀ ਜਾਗਰਣ ਦਾ ਸ਼ੁਭ ਅਰੰਭ ਸ੍ਰੀ ਗਣੇਸ਼ ਵੰਦਨਾ ਨਾਲ ਹੋਵੇਗਾ। ਜਾਗਰਣ ਦੌਰਾਨ ਮਹੰਤ ਸੁਰਿੰਦਰ ਸਿਆਣ ਐਂਡ ਪਾਰਟੀ ਕਪੂਰ ਪਿੰਡ ਪਿੰਡ ਵਾਲੇ, ਬਲਵਿੰਦਰ ਸੋਨੂੰ ਦੋਲੀਕੇ ਵਾਲੇ ਅਤੇ ਪ੍ਰਸਿੱਧ ਗਾਇਕ ਸੋਹਨ ਸ਼ੰਕਰ ਮਾਂ ਭਗਵਤੀ ਦੇ ਚਰਨਾਂ ਵਿਚ ਆਪਣੀ ਭਰਪੂਰ ਹਾਜਰੀ ਲਗਵਾਉਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਵਿਚ ਇਸ ਸਮਾਗਮ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਭਗਵਤੀ ਜਾਗਰਣ ਦੌਰਾਨ ਮਹਾਮਾਈ ਦੇ ਚਰਨਾਂ ਵਿਚ ਹਾਜਰੀ ਲਗਵਾ ਕੇ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ।