25 ਸਤੰਬਰ, ਜਲੰਧਰ ( ) ਗੁਰਬਾਣੀ ਅਨੁਸਾਰ ਨਾਮ-ਬਾਣੀ ਦੇ ਮਹਾਤਮ ਨੂੰ ਮੁੱਖ ਰੱਖਦੇ ਹੋਏ ਨਾਮਧਾਰੀ ਸੰਪਰਦਾ ਦੇ ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਮਨੁੱਖ ਤੋਂ ਦੇਵਤੇ ਬਣਾਇਆ।ਜਿਵੇਂ ਕਿ ਗੁਰਬਾਣੀ ਵਿਚ ਲਿਖਿਆ ਹੈ : ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ।।ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ।। ਸਤਿਗੁਰੂ ਰਾਮ ਸਿੰਘ ਜੀ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸਤਿਗੁਰੂ ਪ੍ਰਤਾਪ ਸਿੰਘ ਜੀ ਨੇ 40 ਦਿਨਾਂ ਦੇ ਜਪ-ਪ੍ਰਯੋਗ ਦੀ ਅਰੰਭਤਾ ਕੀਤੀ ਜੋ ਕਿ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਸਾਲ-ਸਾਲ ਭਰ ਵੀ ਚਲਦਾ ਰਿਹਾ। ਗੁਰੂ ਸਾਹਿਬਾਨਾਂ ਦੇ ਦਰਸ਼ਾਏ ਮਾਰਗ ਤੇ ਚਲਦੇ ਹੋਏ, ਵਰਤਮਾਨ ਨਾਮਧਾਰੀ ਮੁਖੀ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਕਿਰਪਾ-ਬਖਸ਼ਿਸ਼ ਸਦਕਾ ਸ੍ਰੀ ਜੀਵਨ ਨਗਰ (ਹਰਿਆਣਾ) ਵਿਖੇ 40 ਦਿਨਾਂ ਦਾ ਜਪ-ਪ੍ਰਯੋਗ ਨਿਰੰਤਰ ਚੱਲ ਰਿਹਾ ਹੈ। ਇਹ ਜਪ-ਪ੍ਰਯੋਗ ਵਾਤਾਵਰਨ ਵਿਚ ਸਵਰਗ ਜਿਹਾ ਮਾਹੌਲ ਪ੍ਰਦਾਨ ਕਰ, ਕਲਿਜੁਗ ਦੇ ਇਸ ਦੌਰ ਵਿਚ ਇੱਕ ਵਿਲੱਖਣ ਮਿਸਾਲ ਕਾਇਮ ਕਰਦਾ ਪ੍ਰਤੀਤ ਹੋ ਰਿਹਾ ਹੈ।
ਇਹ 5 ਸਤੰਬਰ ਤੋਂ ਸ਼ੁਰੂ ਹੋਇਆ ਹੈ ਅਤੇ 15 ਅਕਤੂਬਰ ਤਕ ਲਗਾਤਾਰ ਚੱਲੇਗਾ। ਇਸ ਦੌਰਾਨ ਰੋਜਾਨਾ ਅੰਮ੍ਰਿਤ ਵੇਲੇ ਤੋਂ ਲੈ ਕੇ ਨਾਮ ਸਿਮਰਨ, ਕਥਾ ਕੀਰਤਨ ਦਾ ਪ੍ਰਵਾਹ ਨਿਰੰਤਰ ਚਲਦਾ ਹੈ, ਦੂਰੋਂ ਨੇੜਿਓਂ ਸੰਗਤ ਇੱਥੇ ਪਹੁੰਚ ਕੇ ਲਾਹਾ ਲੈਂਦੀ ਹੈ। ਇਸ ਮੌਕੇ ਸਤਿਗੁਰੂ ਜੀ ਹਰ ਰੋਜ ਅੰਮ੍ਰਿਤ ਵੇਲੇ ਸੰਗਤ ਨੂੰ ਆਪਣੇ ਪ੍ਰਵਚਨਾਂ ਰਾਹੀਂ ਜਿੱਥੇ ਆਪਣੇ ਸਤਿਗੁਰੂ ਜੀ ਦੇ ਚਰਨਾਂ ਨਾਲ ਧਿਆਨ ਲਗਾ ਕੇ ਨਾਮ ਸਿਮਰਨ ਕਰਨ ਅਤੇ ਗੁਰਬਾਣੀ ਪੜ੍ਹਨ ਦੀ ਪ੍ਰੇਰਣਾ ਦਿੰਦੇ ਹਨ, ਉਸ ਦੇ ਨਾਲ ਹੀ ਆਪਣੇ ਜੀਵਨ ਨੂੰ ਉੱਚਾ-ਸੁੱਚਾ ਬਣਾਉਣ ਲਈ ਸ਼ੁਭ ਕਰਮ ਕਰਨ ਦੇ ਨਾਲ, ਸਾਤਵਿਕ ਭੋਜਨ ਕਰਕੇ ਅਤੇ ਕੋਵਿਡ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ, ਸਿਹਤ ਨੂੰ ਵੀ ਦੁਰੁਸਤ ਰੱਖਣ ਲਈ ਭਲੀ-ਭਾਂਤ ਪ੍ਰੇਰਿਤ ਕਰ ਰਹੇ ਹਨ। ਇਸ ਸਾਰੇ ਪ੍ਰੋਗਰਾਮ ਨੂੰ ਵੀਰ ਅਮਨ ਸਿੰਘ ਖੀਵਾ ਵਲੋਂ ਗੁਰਦੁਆਰਾ ਸ੍ਰੀ ਜੀਵਨ ਨਗਰ ਤੋਂ ਫੇਸ-ਬੁੱਕ ਲਾਈਵ ਅਤੇ ਚੈਨਲ ਰਾਹੀਂ ਦੂਰ ਬੈਠੀਆਂ ਸੰਗਤਾਂ ਤੱਕ ਵੀ ਪ੍ਰਸਾਰਿਤ ਕੀਤਾ ਜਾਂਦਾ ਹੈ।