ਜਲੰਧਰ 14 ਜਨਵਰੀ 2021
ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਜ਼ਿਲ੍ਹੇ ਵਿੱਚ 16 ਜਨਵਰੀ 2021 ਤੋਂ ਕੋਵਿਡ-19 ਮਹਾਂਮਾਰੀ ਵਿਰੁੱਧ ਸ਼ੁਰੂ ਕੀਤੀ ਜਾ ਰਹੀ ਟੀਕਾਕਰਨ ਮੁਹਿੰਮ ਤਹਿਤ ਪਹਿਲੇ ਪੜਾਅ ਅਧੀਨ 11800 ਸਿਹਤ ਵਰਕਰਾਂ ਨੂੰ ਵੈਕਸੀਨ ਲਗਾਉਣ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਜਲੰਧਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਟੀਕਾਕਰਨ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਪੰਜ ਸੈਸਨ ਸਾਈਟ ਜਿਨਾਂ ਵਿੱਚ ਸਬ ਡਵੀਜ਼ਨਲ ਸਰਕਾਰੀ ਹਸਪਤਾਲ ਨਕੋਦਰ, ਅਰਬਨ ਕਮਿਊਨਟੀ ਸਿਹਤ ਕੇਂਦਰ ਬਸਤੀ ਗੁਜਾਂ, ਐਸ.ਜੀ.ਐਲ.ਚੈਰੀਟੇਬਲ ਹਸਪਤਾਲ, ਸ੍ਰੀਮਨ ਹਸਪਤਾਲ ਅਤੇ ਸਿਵਲ ਹਸਪਤਾਲ ਜਲੰਧਰ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿੱਚ ਇਸ ਟੀਕਾਕਰਨ ਮੁਹਿੰਮ ਨੂੰ ਅਗਾਂਹ ਵਧਾਉਣ ਲਈ 29 ਥਾਵਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿੱਚ ਵੱਖ-ਵੱਖ ਕਮਿਊਂਟੀ ਸਿਹਤ ਕੇਂਦਰ, ਮੁੱਢਲੇ ਸਿਹਤ ਕੇਂਦਰ, ਜ਼ਿਲ੍ਹਾ ਹਸਪਤਾਲ, ਸਬ ਡਵੀਜ਼ਨ ਪੱਧਰ ਦੇ ਹਸਪਤਾਲ ਅਤੇ ਕੁਝ ਪ੍ਰਾਈਵੇਟ ਹਸਪਤਾਲ ਸ਼ਾਮਿਲ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 12 ਲੱਖ ਵੈਕਸੀਨ ਦਾ ਭੰਡਾਰ ਕਰਨ ਲਈ 57 ਕੋਲਡ ਚੇਨ ਪੁਆਇੰਟ ਬਣਾਏ ਗਏ ਹਨ ਜਿਨਾਂ ਵਿੱਚ 11 ਪੁਆਇੰਟਾਂ ਨੂੰ (ਅੱਠ ਪੇਂਡੂ ਅਤੇ ਤਿੰਨ ਸ਼ਹਿਰੀ ) ਨੂੰ ਇਨਾਂ ਦਿਨਾਂ ਵਿੱਚ ਆਉਣ ਵਾਲੀ ਵੈਕਸੀਨ ਦੇ ਭੰਡਾਰ ਲਈ ਵਰਤਿਆ ਜਾਵੇਗਾ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲੀ ਖੁਰਾਕ ਤੋਂ ਬਾਅਦ 28 ਦਿਨਾਂ ਬਾਅਦ ਚੁਣੇ ਗਏ ਸਿਹਤ ਵਰਕਰਾਂ ਨੂੰ ਦੂਜੀ ਖ਼ੁਰਾਕ ਦਿੱਤੀ ਜਾਵੇਗੀ ਅਤੇ ਇਸ ਟੀਕਾਕਰਨ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਸਾਰੇ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਵਿਰੁੱਧ 29 ਥਾਵਾਂ ’ਤੇ ਟੀਕਾਕਰਨ ਲਈ 31 ਸਿਹਤ ਟੀਮਾਂ ਦਾ ਗਠਨ ਕੀਤਾ ਅਤੇ ਹਰੇਕ ਟੀਮ ਨੂੰ 100 ਲਾਭਪਾਤਰੀਆਂ ਨੂੰ ਇਕ ਦਿਨ ਵਿੱਚ ਵੈਕਸੀਨ ਲਗਾਉਣ ਦਾ ਟੀਚਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਇਕ ਦਿਨ ਵਿੱਚ 2900 ਸਿਹਤ ਵਰਕਰਾਂ ਨੂੰ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨ ਦਾ ਟੀਕਾ ਲਗਾਇਆ ਜਾਵੇਗਾ।ਇਸ ਮੌਕੇ ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ, ਡਾ.ਜੈ ਇੰਦਰ ਸਿੰਘ, ਗੌਰਵ ਜੈਨ, ਵਿਨੀਤ ਕੁਮਾਰ, ਡਾ.ਸੰਜੀਵ ਸ਼ਰਮਾ, ਸਿਵਲ ਸਰਜਨ ਡਾ.ਬਲਵਿੰਦਰ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਰਾਕੇਸ਼ ਚੋਪੜਾ ਵੀ ਹਾਜ਼ਰ ਸਨ।