ਨਵੀਂ ਦਿੱਲੀ: ਤਿੰਨਾਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਸਬੰਧੀ ਫਿਲਹਾਲ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ‘ਤੇ ਹਜ਼ਾਰਾਂ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਸ਼ੁੱਕਰਵਾਰ ਦੁਪਹਿਰੇ ਸਥਾਨਕ ਪਿੰਡ ਵਾਸੀਆਂ ਤੇ ਅੰਦੋਲਨਕਾਰੀ ਕਿਸਾਨਾਂ ਵਿਚਕਾਰ ਝੜੱਪ ਹੋ ਗਈ। ਦੋਵਾਂ ਪਾਸਿਓਂ ਲੋਕਾਂ ਨੇ ਇਕ-ਦੂਸਰੇ ‘ਤੇ ਪਥਰਾਅ ਕੀਤਾ। ਸਿੰਘੂ ਬਾਰਡਰ ‘ਤੇ ਸਥਾਨਕ ਲੋਕਾਂ ਤੇ ਅੰਦੋਲਨਕਾਰੀਆਂ ਵਿਚਕਾਰ ਪੱਥਰਾਅ ਕਾਰਨ ਕਈ ਜ਼ਖ਼ਮੀ ਹੋਏ ਹਨ। ਉੱਥੇ ਹੀ ਹਾਲਾਤ ਕਾਬੂ ਕਰਨ ਲਈ ਉੱਥੇ ਤਾਇਨਾਤ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਹਨ ਤੇ ਹਲਕੇ ਬਲ ਦੀ ਵਰਤੋਂ ਕੀਤੀ ਹੈ। ਇਸ ਪਥਰਾਅ ‘ਚ ਪੁਲਿਸ ਸਮੇਤ ਕਈ ਲੋਕ ਜ਼ਖ਼ਮੀ ਹੋ ਗਏ ਹਨ। ਫਿਲਹਾਲ ਇੱਥੇ ਮਾਹੌਲ ਕਾਫੀ ਤਣਾਅਪੂਰਨ ਹੈ।ਸਿੰਘੂ ਬਾਰਡਰ ‘ਤੇ ਸ਼ੁੱਕਰਵਾਰ ਨੂੰ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ 65ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ। ਉੱਥੇ ਹੀ ਦਿੱਲੀ ਨਾਲ ਲਗਦੇ ਨੋਇਡਾ ‘ਚ ਭਾਰਤੀ ਕਿਸਾਨ ਯੂਨੀਅਨ ਲੋਕਸ਼ਕਤੀ ਨੇ ਨਰੇਸ਼ ਟਿਕੈਤ ਨੂੰ ਆਪਣਾ ਨੈਤਿਕ ਸਮਰਥਨ ਦਿੱਤਾ ਹੈ। ਨਾਲ ਹੀ ਕਿਹਾ ਕਿ ਕਿਸਾਨ ਅੰਦੋਲਨ ਲਈ ਅਗਲੇ ਹੁਕਮ ਦਾ ਇੰਤਜ਼ਾਰ ਕਰੋ। ਭਾਰਤੀ ਕਿਸਾਨ ਯੂਨੀਅਨ ਲੋਕਸ਼ਕਤੀ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚਿੱਲਾ ਬਾਰਡਰ ‘ਤੇ ਸਿਰਫ਼ ਧਰਨਾ ਖ਼ਤਮ ਕੀਤਾ ਹੈ, ਅੰਦੋਲਨ ਤੋਂ ਵੱਖ ਨਹੀਂ ਹੋਏ।ਕਦੀ ਵੀ ਸੰਗਠਨ ਵੱਲੋਂ ਨਵਾਂ ਹੁਕਮ ਜਾਰੀ ਹੋ ਸਕਦਾ ਹੈ। ਦਿੱਲੀ ‘ਚ ਹੰਗਾਮੇ ਤੋਂ ਬਾਅਦ ਛਿਜਾਰਸੀ ਟੋਲ ਪਲਾਜ਼ਾ ‘ਤੇ ਪੁਲਿਸ ਦੀ ਮੁਸਤੈਦੀ ਵਧਾ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਯੂਪੀ ਬਾਰਡਰ ਵੱਲ ਜਾ ਰਹੇ ਕਿਸਾਨਾਂ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਤੇ ਉਨ੍ਹਾਂ ਦਾ ਨਾਂ-ਪਤਾ ਰਜਿਸਟਰ ‘ਚ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਖੇਤਰ ‘ਚ ਵਾਪਸ ਮੋੜ ਦਿੱਤਾ ਗਿਆ। ਇਸ ਦੌਰਾਨ ਪੁਲਿਸ ਅਧਿਕਾਰੀਆਂ ਤੇ ਕਿਸਾਨ ਆਗੂਆਂ ਵਿਚਕਾਰ ਬਹਿਸਬਾਜ਼ੀ ਵੀ ਹੋਈ।
- ਸਿੰਘੂ ਬਾਰਡਰ ‘ਤੇ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਤੇ ਦਿੱਲੀ ਜਲ ਬੋਰਡ ਦੇ ਮੀਤ ਪ੍ਰਧਾਨ ਰਾਘਵ ਚੱਢਾ ਨੂੰ ਅੰਦੋਲਨ ਵਾਲੀਆਂ ਜਗ੍ਹਾ ‘ਤੇ ਜਾਣ ਤੋਂ ਪੁਲਿਸ ਨੇ ਰੋਕ ਲਿਆ ਹੈ। ਇਸ ਨਾਲ ਉੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਨਾਰਾਜ਼ਗੀ ਪ੍ਰਗਟਾਈ ਹੈ। ਉੱਥੇ ਹੀ ਦਿੱਲੀ ਸਰਕਾਰ ਵੱਲੋਂ ਪਾਣੀ ਸਪਲਾਈ ਕਰਨ ‘ਤੇ ਰਾਕੇਸ਼ ਟਿਕੈਤ ਨੇ ਸ਼ੁਕਰੀਆ ਅਦਾ ਕੀਤਾ ਹੈ।
- ਯੂਪੀ ਗੇਟ ਪੁੱਜੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਿੱਖ ਕੌਮ ਕੱਟੜ ਦੇਸ਼ ਭਗਤ ਹੈ ਤੇ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਸਹੂਲਤ ਰਾਤ ਨੂੰ ਹੀ ਉਪਲਬਧ ਕਰਵਾ ਦਿੱਤੀ ਗਈ ਸੀ। ਨਾਲ ਹੀ ਕਿਹਾ ਕਿ 26 ਜਨਵਰੀ ਨੂੰ ਦਿੱਲੀ ‘ਚ ਹੋਈ ਹਿੰਸਾ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਭਾਜਪਾ ਦੇ ਲੋਕ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ। ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ 26 ਜਨਵਰੀ ਨੂੰ ਕਿਸਾਨਾਂ ਨੂੰ ਕਿਸਨੇ ਭੜਕਾਇਆ? ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਕਿਸਾਨਾਂ ਦੇ ਨਾਲ ਹੈ। ਜਿਹੜੇ ਲੋਕ ਕਿਸਾਨਾਂ ਦਾ ਵਿਰੋਧ ਕਰ ਰਹੇ ਹਨ, ਉਹ ਭਾਜਪਾ ਦੇ ਲੋਕ ਹਨ।
- ਉੱਥੇ ਹੀ, ਯੂਪੀ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਪ੍ਰਦਰਸ਼ਨਕਾਰੀਆਂ ਨੇ ਮੋਰਚਾ ਸੰਭਾਲ ਲਿਆ ਹੈ ਤੇ ਉਹ ਕਿਸਾਨਾਂ ਦੇ ਨਾਲ ਧਰਨੇ ‘ਤੇ ਬੈਠੇ ਹਨ। ਸ਼ੁੱਕਰਵਾਰ ਨੂੰ ਜਾਰੀ ਧਰਨੇ ਦੌਰਾਨ ਰਾਕੇਸ਼ ਟਿਕੈਤ ਨੇ ਅਹਿਮ ਬਿਆਨ ਵਿਚ ਕਿਹਾ ਹੈ, ‘ਅਸੀਂ ਇਹ ਜਗ੍ਹਾ ਖ਼ਾਲੀ ਨਹੀਂ ਕਰਾਂਗੇ। ਆਪਣੀਆਂ ਮੰਗਾਂ ਸਬੰਧੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਾਂਗੇ ਤੇ ਆਪਣਾ ਪੱਖ ਰੱਖਾਂਗੇ।’ ਨਾਲ ਹੀ ਰਾਕੇਸ਼ ਟਿਕੈਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ। ਇਸੇ ਦੌਰਾਨ ਰਾਸ਼ਟਰੀ ਲੋਕਦਲ ਦੇ ਸਾਬਕਾ ਸੰਸਦ ਮੈਂਬਰ ਜਯੰਤ ਚੌਧਰੀ ਵੀ ਗਾਜ਼ੀਪੁਰ ਬਾਰਡਰ ਪਹੁੰਚੇ। ਉਨ੍ਹਾਂ ਨੇ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ‘ਤੇ ਕਿਸਾਨਾਂ ਨੂੰ ਹਟਾਉਣ ਲਈ ਦਬਾਅ ਹੈ, ਪਰ ਪ੍ਰਦਰਸ਼ਨਕਾਰੀ ਜਗ੍ਹਾ ਖਾਲੀ ਨਹੀਂ ਕਰਨਗੇ। ਇਸ ਮੁੱਦੇ ਨੂੰ ਸੰਸਦ ‘ਚ ਉਠਾਇਆ ਜਾਣਾ ਚਾਹੀਦਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੇ ਮੁੱਦੇ ‘ਤੇ ਬੋਲਣਾ ਚਾਹੀਦਾ ਹੈ।
- ਉੱਤਰ ਪ੍ਰਦੇਸ਼ ਦੇ ਬਿਜਲੀ ਵਿਭਾਗ ਨੇ ਸ਼ੁੱਕਰਵਾਰ ਸਵੇਰੇ ਗਾਜ਼ੀਪੁਰ ਬਾਰਡਰ ‘ਤੇ ਜਮ੍ਹਾਂ ਕਿਸਾਨਾਂ ਲਈ ਬਿਜਲੀ ਸਪਲਾਈ ਬਹਾਲ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਇਹ ਚੁੱਪਚਾਪ ਕੀਤਾ ਗਿਆ ਹੈ।
- ਯੂਪੀ ਗੇਟ ‘ਤੇ ਚੱਲ ਰਹੇ ਕਿਸਾਨ ਅੰਦੋਲਨ ‘ਚ ਸਵੇਰ ਤੋਂ ਹੀ ਕਿਸਾਨ ਨਾਅਰੇਬਾਜ਼ੀ ਕਰ ਰਹੇ ਹਨ। ਉੱਥੇ ਹੀ ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਪੁਲਿਸ ਬਲ ਵੀ ਤਾਇਨਾਤ ਹੈ। ਕਿਸਾਨ ਆਗੂ ਮੰਚ ਤੋਂ ਸਾਰਿਆਂ ਨੂੰ ਧਰਨੇ ਵਾਲੀ ਥਾਂ ਪਹੁੰਚਣ ਦੀ ਅਪੀਲ ਕਰ ਰਹੇ ਹਨ। ਸ਼ੁੱਕਰਵਾਰ ਨੂੰ ਕਿਸਾਨ ਅੰਦੋਲਨ ਦੇ ਸਮਰਥਨ ‘ਚ ਰਾਸ਼ਟਰੀ ਲੋਕ ਦਲ ਦੇ ਕਈ ਆਗੂ ਵੀ ਪਹੁੰਚਣਗੇ।
- ਓਧਰ, ਟਿਕਰੀ ਬਾਰਡਰ ‘ਤੇ ਵੱਡੀ ਗਿਣਤੀ ‘ਚ ਸੁਰੱਖਿਆ ਬਲ ਤਾਇਨਾਤ ਹਨ, ਜਦਕਿ ਦਿੱਲੀ ਪੁਲਿਸ ਨੇ ਗਾਜ਼ੀਪੁਰ ਬਾਰਡਰ ਬੰਦ ਕਰਨ ਦੇ ਨਾਲ ਹੀ ਕਈ ਜਗ੍ਹਾਂ ‘ਤੇ ਰੂਟ ਡਾਇਵਰਜ਼ਨ ਕਰ ਦਿੱਤਾ ਹੈ। ਪਿਛਲੇ 2 ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਦਿੱਲੀ-ਐੱਨਸੀਆਰ ਦੇ 60,000 ਕਰੋੜ ਰੁਪਏ ਦੇ ਕਾਰੋਬਾਰ ਦਾ ਨੁਕਸਾਨ ਹੋ ਚੁੱਕਾ ਹੈ। ਕਈ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ।