ਜਲੰਧਰ : ਸ. ਬਲਬੀਰ ਸਿੰਘ ਇੱਕ ਅਜਿਹੇ ਸੁਹਿਰਦ ਇਨਸਾਨ ਸਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਹੀ ਸਮਾਜ ਸੇਵਾ ਅਤੇ ਸਿੱਖਿਆ ਖੇਤਰ ਦੀ ਬਿਹਤਰੀ ਲਈ ਲਗਾ ਦਿੱਤਾ। ਉਹਨਾਂ ਨੇ ਰਾਜਨੀਤੀ ਵਿੱਚ ਬਤੌਰ ਮੈਂਬਰ ਪਾਰਲੀਮੈਂਟ ਅਤੇ ਬਤੌਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਵਿੱਚ ਲੋਕਾਂ ਦੀ ਆਵਾਜ਼ ਬਣ ਕੇ ਅਗਵਾਈ ਕੀਤੀ। ਆਪਣੀ ਦੂਰ ਅੰਦੇਸ਼ੀ ਸੋਚ ਸਦਕਾ ਸਿੱਖਿਆ ਦੇ ਖੇਤਰ ਵਿੱਚ ਵੱਡੇ ਕਾਰਜ ਕਰਕੇ ਉਨ੍ਹਾਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੂੰ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸਰਦਾਰ ਬਲਬੀਰ ਸਿੰਘ ਇੱਕ ਉੱਘੇ ਸਿੱਖਿਆ ਸ਼ਾਸਤਰੀ, ਨਿਪੁੰਨ ਰਾਜਨੀਤੀਵੇਤਾ, ਇੱਕ ਸੁਲਝੇ ਹੋਏ ਪ੍ਰਸ਼ਾਸਕ ਅਤੇ ਇੱਕ ਸੁਹਿਰਦ ਇਨਸਾਨ ਸਨ। ਲਾਇਲਪੁਰ ਖ਼ਾਲਸਾ ਕਾਲਜ ਦੀ ਗਵਰਨਿੰਗ ਕੌਂਸਿਲ ਦੇ ਪ੍ਰਧਾਨ ਵਜੋਂ ਉਹਨਾਂ ਨੇ ਪੈਂਤੀ ਸਾਲ ਤੱਕ ਸਮਰਪਿਤ ਭਾਵਨਾ ਨਾਲ ਉਚੇਰੀ ਸਿੱਖਿਆ ਦੀ ਬਿਹਤਰੀ ਲਈ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ। ਲਾਇਲਪੁਰ ਖ਼ਾਲਸਾ ਕਾਲਜ ਨੇ ਉਹਨਾਂ ਦੀ ਸੁਯੋਗ ਅਗਵਾਈ ਵਿੱਚ ਹੀ ਵਿੱਦਿਆ, ਕਲਚਰਲ, ਖੇਡਾਂ ਅਤੇ ਖੋਜ ਦੇ ਖੇਤਰ ਵਿੱਚ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਉਹਨਾਂ ਨੇ ਉਚੇਰੀ ਸਿੱਖਿਆ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਵਿਸ਼ੇਸ਼ ਕਦਮ ਚੁੱਕੇ। ਉਹ ਪਹਿਲੇ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਕੰਪਿਊਟਰ ਸਿੱਖਿਆ ਅਤੇ ਤਕਨੀਕੀ ਸਿੱਖਿਆ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਦਾ ਹਿੱਸਾ ਬਣਾਉਣ ਬਾਰੇ ਸੋਚਿਆ ਤੇ ਅਜਿਹੀ ਕਿੱਤਾ ਮੁਖੀ ਪੜ੍ਹਾਈ ਕਾਲਜਾਂ ਵਿੱਚ ਪੜ੍ਹਾਉਣ ਵਾਸਤੇ ਮੁੱਢਲੇ ਯਤਨ ਕੀਤੇ। ਉਹਨਾਂ ਨੇ ਕੇਵਲ ਲਾਇਲਪੁਰ ਖ਼ਾਲਸਾ ਕਾਲਜ ਦੀਆਂ ਵਿੱਦਿਅਕ ਸੰਸਥਾਵਾਂ ਹੀ ਸ਼ੁਰੂ ਨਹੀਂ ਕੀਤੀਆਂ ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਾਸਤੇ ਸੰਸਥਾਵਾਂ ਵਿੱਚ ਸੁਯੋਗ ਵਾਤਾਵਰਨ ਵੀ ਬਣਾਇਆ। ਇਸ ਵਾਸਤੇ ਉਹਨਾਂ ਨੇ ਵਿਦਿਆਰਥੀਆਂ ਦੀ ਅਕਾਦਮਿਕ ਵਿੱਦਿਆ ਦੇ ਨਾਲ-ਨਾਲ, ਖੇਡਾ, ਕਲਚਰਲ ਗਤੀਵਿਧੀਆਂ, ਸਾਹਿਤਕ ਅਤੇ ਖੋਜ ਦੇ ਖੇਤਰ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਇਆ।

ਸ. ਬਲਬੀਰ ਸਿੰਘ ਉੱਚ ਕੋਟੀ ਦੇ ਰਾਜਨੀਤੀਵੇਤਾ ਵੀ ਸਨ। ਦੇਸ  ਅਤੇ ਪੰਜਾਬ ਰਾਜ ਦੀ ਰਾਜਨੀਤੀ ਵਿੱਚ ਉਹਨਾਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਉਹ ਪੰਜਾਬ ਦੀ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਵਿੱਚ 1972 ਤੋਂ 1977 ਤੱਕ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਰਹੇ। ਇਸ ਸਮੇਂ ਦੌਰਾਨ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ ਸਿਹਤ ਸੰਬੰਧੀ ਕਈ ਯੋਜਨਾਵਾਂ ਦਾ ਆਰੰਭ ਕੀਤਾ। ਉਹ ਜਾਣਦੇ ਸਨ ਕਿ ਇੱਕ ਕਲਿਆਣਕਾਰੀ, ਸਵਸਥ ਅਤੇ ਨਿੱਗਰ ਰਾਸ਼ਟਰ ਦੇ ਨਿਰਮਾਣ ਵਿੱਚ ਸਿਹਤ ਅਤੇ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਸ ਲਈ ਆਪਣੀ ਦੂਰ ਅੰਦੇਸ਼ਤਾ ਅਤੇ ਉੱਚ ਸੋਚ ਸਦਕਾ ਉਹਨਾਂ ਨੇ ਸਮਾਜ ਨੂੰ ਸਿੱਖਿਆ ਤੇ ਸਿਹਤ ਸੰਬੰਧੀ ਸਹੂਲਤਾਂ ਦੇਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਦੇਸ਼ ਵਿੱਚ ਕਾਂਗਰਸ ਸਰਕਾਰ ਸਮੇਂ 1992 ਤੋਂ 1998 ਤੱਕ ਉਹ ਸੰਸਦ ਦੇ ਉੱਪਰੀ ਸਦਨ ਰਾਜਸਭਾ ਦੇ ਮੈਂਬਰ ਰਹੇ। ਅਤੇ 1999 ਤੋਂ 2004 ਈ.ਤੱਕ ਦੇਸ਼ ਦੀ 13ਵੀ ਲੋਕਸਭਾ ਦੇ ਮੈਂਬਰ ਵੀ ਰਹੇ। ਇਸ ਸਮੇਂ ਦੌਰਾਨ ਉਹਨਾਂ ਨੇ ਪੰਜਾਬ ਦੇ ਲੋਕਾਂ ਵਾਸਤੇ ਐਮ.ਪੀ. ਲੈਡ ਫੰਡ ਵਿੱਚੋਂ ਫੰਡ ਦੇ ਕੇ ਕਈ ਲੋਕ-ਭਲਾਈ ਦੀਆਂ ਯੋਜਨਾਵਾਂ ਆਰੰਭ ਕੀਤੀਆਂ। ਦੇਸ਼ ਵਿੱਚ ਨੈਸ਼ਨਲ ਹਾਈਵੇਅ ਬਣਾਉਣ ਸੰਬੰਧੀ ਕਾਰਜਕਾਰੀ ਕਮੇਟੀ ਦੇ ਉਹ ਮੈਂਬਰ ਸਨ। ਆਪਣਾ ਸਮੁੱਚਾ ਰਾਜਨੀਤਕ ਜੀਵਨ ਉਹਨਾਂ ਨੇ ਲੋਕ-ਸੇਵਾ ਵਿੱਚ ਲਗਾਇਆ। ਉਹ 2005 ਤੋਂ 2008 ਤੱਕ ਐਨ.ਆਰ. ਆਈ ਸਭਾ ਪੰਜਾਬ ਦੇ ਪੈਟਰਨ ਰਹੇ। ਉਹਨ੍ਹਾਂ ਨੇ ਐਨ.ਆਰ.ਆਈਜ਼ ਨੂੰ ਪੰਜਾਬ ਵਿੱਚ ਵਪਾਰ ਅਤੇ ਹੋਰ ਪ੍ਰੋਜੈਕਟਾਂ ਵਿੱਚ ਪੈਸਾ ਲਗਾਉਣ ਲਈ ਹਮੇਸ਼ਾਂ ਪ੍ਰੇਰਿਤ ਕੀਤਾ। ਪੰਜਾਬ ਦਾ ਦੁਆਬਾ ਇਲਾਕਾ ਐਨ.ਆਰ.ਆਈਜ਼ ਦੀ ਬਦੌਲਤ ਹੀ ਵਿਕਸਿਤ ਹੋ ਸਕਿਆ ਹੈ ਤੇ ਮੈਨੂੰ ਲਗਦਾ ਹੈ ਕਿ ਐਨ.ਆਰ.ਆਈ ਸਭਾ ਪੰਜਾਬ ਦੇ ਪੈਟਰਨ ਵਜੋਂ ਸ. ਬਲਬੀਰ ਸਿੰਘ ਦਾ ਵੀ ਇਸ ਵਿੱਚ ਵਿਸ਼ੇਸ਼ ਯੋਗਦਾਨ ਹੈ। ਬਤੌਰ ਕੈਬਨਿਟ ਮੰਤਰੀ ਪੰਜਾਬ, ਬਤੌਰ ਸੰਸਦ ਮੈਂਬਰ ਅਤੇ ਹੋਰ ਕਈ ਉੱਚ ਅਹੁਦਿਆਂ ‘ਤੇ ਰਹਿੰਦਿਆ ਉਹਨਾਂ ਨੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਹਰ ਕੰਮ ਨੂੰ ਬੜੀ ਨਿਸ਼ਠਾ ਅਤੇ ਪ੍ਰਤੀਬੱਧਤਾ ਨਾਲ ਨੇਪਰੇ ਚਾੜ੍ਹਿਆ। 1994 ਤੋਂ 2008 ਤੱਕ ਉਹ ਅਮੈਚਿਓਰ ਕੱਬਡੀ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਰਹੇ। ਉਹਨਾਂ ਨੇ ਪੰਜਾਬ ਦੀ ਮਾਂ ਖੇਡ ਕੱਬਡੀ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਿਸ਼ੇਸ਼ ਪਹਿਚਾਣ ਬਣਾਉਣ ਲਈ ਕਈ ਉਪਰਾਲੇ ਕੀਤੇ ਅਤੇ ਇਸ ਖੇਡ ਨੂੰ ਵਿਸ਼ਵ ਪੱਧਰ ਦੀਆਂ ਖੇਡਾਂ ਵਿੱਚ ਸ਼ੁਮਾਰ ਕਰਨ ਲਈ ਵੱਡੀ ਭੂਮਿਕਾ ਨਿਭਾਈ।

ਮਿਹਨਤ, ਲਗਨ, ਸਿਦਕ, ਜਾਂਬਾਜ਼ੀ, ਨਿਡਰਤਾ ਅਤੇ ਗੁਟਨਿਰਲੇਪਤਾ ਸ.ਬਲਬੀਰ ਸਿੰਘ ਦੇ ਖੂਨ ਵਿੱਚ ਰਚੀ ਹੋਈ ਸੀ। ਹੱਥ ਵਿੱਚ ਲਏ ਹੋਏ ਕਿਸੇ ਵੀ ਕੰਮ ਨੂੰ ਕੀਤੇ ਬਿਨਾਂ ਉਹ ਆਰਾਮ ਨਾਲ ਨਹੀਂ ਸਨ ਬਹਿੰਦੇ।ਉਹ ਇੱਕ ਸਿੱਖਿਆ ਸ਼ਾਸਤਰੀ ਹੋਣ ਦੇ ਨਾਲ-ਨਾਲ ਕਾਲਜਾਂ ਦੀਆਂ ਮੈਨਜਮੈਂਟਾਂ ਦੇ ਚੇਅਰਮੈਨ ਵਜੋਂ ਸਮੇਂ ਸਮੇਂ ਤੇ ਕਾਲਜਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਰਹੇ। ਇੰਨਾ ਹੀ ਨਹੀਂ ਵਿਦਿਆਰਥੀ ਭਲਾਈ ਲਈ ਉਨਾਂ ਸਰਕਾਰ ਕੋਲੋਂ ਕਾਲਜਾਂ ਵਿੱਚ ਕਈ ਸਕੀਮਾਂ ਵੀ ਚਲਵਾਈਆਂ। ਉਹਨਾਂ ਨੇ ਆਪਣਾ ਸੰਪੂਰਨ ਜੀਵਨ ਸਮਾਜ, ਸਿੱਖਿਆ ਅਤੇ ਲੋਕ ਹਿਤਾਇਸ਼ੀ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਲਈ ਲਗਾਇਆ। ਸ. ਬਲਬੀਰ ਸਿੰਘ ਇੱਕ ਪ੍ਰਬੁੱਧ ਪ੍ਰਸ਼ਾਸਕ ਸਨ। ਉਹਨਾਂ ਨੇ ਪੂਰਨ ਰੂਪ ਵਿੱਚ ਸਮਰਪਿਤ ਹੋ ਕੇ ਸਮਾਜ ਅਤੇ ਵਿਦਿਆਰਥੀਆਂ ਦੀ ਭਲਾਈ ਵਾਸਤੇ ਕੰਮ ਕੀਤਾ। ਉੱਤਰੀ ਭਾਰਤ ਵਿੱਚ ਨਾਮਵਰ ਲਾਇਲਪੁਰ ਖ਼ਾਲਸਾ ਸੰਸਥਾਵਾਂ ਖੋਲ੍ਹ ਕੇ ਸਮਾਜ ਨੂੰ ਰਵਾਇਤੀ ਸਿੱਖਿਆ, ਕਨੂੰਨੀ ਸਿੱਖਿਆ, ਤਕਨੀਕੀ ਸਿੱਖਿਆ ਤੇ ਬੀ.ਐਡ. ਆਦਿ ਕਾਲਜ ਦਿੱਤੇ। ਉਹਨ੍ਹਾਂ ਦੇ ਸੁਪਨਿਆਂ ਨੂੰ ਪੂਰਨ ਰੂਪ ਵਿੱਚ ਪੂਰਾ ਕਰਨ ਲਈ ਲਾਇਲਪੁਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਿਲ ਨੇ ਸਰਦਾਰਨੀ ਬਲਬੀਰ ਕੌਰ ਦੀ ਅਗਵਾਈ ਵਿੱਚ ਜਲੰਧਰ ਵਿਖੇ ਟੈਕਨੀਕਲ ਤੇ ਇੰਜੀਨੀਅਰਿੰਗ ਕਾਲਜ ਖੋਲਿ੍ਹਆ ਤਾਂ ਕਿ ਇਲਾਕੇ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ। ਇਸੇ ਤਰ੍ਹਾਂ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਲਾਇਲਪੁਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਿਲ ਦੀ ਸੁਯੋਗ ਅਗਵਾਈ ਵਿੱਚ ਕਪੂਰਥਲਾ ਵਿਖੇ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਖੋਲਿ੍ਹਆ ਗਿਆ ਹੈ, ਜੋ ਉਹਨਾਂ ਦੀ ਸੋਚ ਅਨੁਸਾਰ ਸਮਾਜ ਨੂੰ ਸਿੱਖਿਆ ਪ੍ਰਦਾਨ ਕਰ ਰਿਹਾ ਹੈ।

ਸਰਦਾਰ ਬਲਬੀਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ਅਤੇ ਸੁੱਚਜੇ ਯਤਨਾ ਸਦਕਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਵਜੋਂ ਜਾਣਿਆਂ ਜਾਂਦਾ ਹੈ। ਕਾਲਜ ਨੇ ਯੂ.ਜੀ.ਸੀ. ਵਲੋਂ ਪੋਟੈਂਸ਼ੀਅਲ ਫਾਰ ਐਕਸੀਲੈਂਸ ਦਾ ਖਿਤਾਬ ਹਾਸਲ ਕੀਤਾ ਹੈ। ਧਸ਼ਠ-ਢੀਸ਼ਠ(2008) ਸਟਾਰ ਕਾਲਜ ਸਕੀਮ ਤਹਿਤ ਅਤੇ ਡੀ.ਪੀ.ਟੀ. ਮਨਿਸਟਰੀ ਆਫ਼ ਸਾਇੰਸ ਐਂਡ ਟੈਕਨਾਲੋਜੀ, ਭਾਰਤ ਸਰਕਾਰ ਵਲੋਂ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ ਤਹਿਤ ਬੀ.ਵਾਕ ਕੋਰਸਾਂ ਲਈ ਸਵਾ ਦੋ ਕਰੋੜ ਦੀ ਗ੍ਰਾਂਟ ਵੀ ਮਿਲ ਚੁੱਕੀ ਹੈ। ਸ. ਬਲਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਵੀ ਉਤਸ਼ਾਹਿਤ ਕੀਤਾ। ਉਹਨਾਂ ਦੀਆਂ ਪਾਈਆਂ ਲੀਹਾਂ ‘ਤੇ ਚੱਲ ਕੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ‘ਤੇਜਾ ਸਿੰਘ ਸਮੁੰਦਰੀ’ ਖੇਡ ਟ੍ਰਾਫ਼ੀ 24 ਵਾਰ ਜਿੱਤ ਚੁੱਕਾ ਹੈ। ਇਸੇ ਤਰ੍ਹਾਂ ਵਿਦਿਆਰਥੀਆਂ ਵਿੱਚ ਸਭਿਆਚਾਰਕ ਜਾਗਰੂਕਤਾ ਅਤੇ ਲੋਕ-ਕਲਾ ਨੂੰ ਬੜਾਵਾ ਦੇਣ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿੰਦੇ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਅਤੇ ਹੋਰ ਕਲਾ-ਮੰਚਾਂ ’ਤੇ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਉਹ ਬਹੁਤ ਮਹੱਤਵ ਦਿੰਦੇ ਸਨ। ਉਹ ਹਮੇਸ਼ਾਂ ਆਖਦੇ ਸਨ ਕਿ ਕਾਲਜ ਵਿੱਚ ਵਿੱਦਿਆ ਪ੍ਰਾਪਤ ਕਰਨਾ ਕੇਵਲ ਪੁਸਤਕਾਂ ਪੜ੍ਹਨਾ ਹੀ ਨਹੀ ਹੈ। ਕਾਲਜ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਖੋਜ, ਸਾਹਿਤਕ ਅਤੇ ਸਭਿਆਚਾਰਕ ਖੇਤਰ ਵਿੱਚ ਵੀ ਆਪਣੀ ਭਾਗੀਦਾਰੀ ਯਕੀਨੀ ਬਣਾਉਣੀ ਚਾਹੀਦੀ ਹੈ। ਉਹਨਾਂ ਦੇ ਸੁਪਨਿਆ ਨੂੰ ਸਾਕਾਰ ਕਰਦਿਆਂ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਸਾਲ 2014-15 ਅਤੇ 2015-16 ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲਿਆ ਵਿੱਚ ਓਵਰਆਲ ਟ੍ਰਾਫੀ ਜਿੱਤੀ। ਇਸੇ ਤਰ੍ਹਾਂ ਸਾਲ 2016 ਤੋਂ 2018 ਅਤੇ ਸਾਲ 2019 ਦੀ ਫਸਟ ਰੱਨਰਅੱਪ ਟ੍ਰਾਫੀ ਜਿੱਤੀ। ਕਲਚਰਲ ਖੇਤਰ ਵਿੱਚ ਜਿੱਤਾਂ ਦਾ ਸਫਰ ਜਾਰੀ ਰੱਖਦਿਆਂ ਕਾਲਜ ਨੇ 2018-19 ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜ਼ੋਨਲ ਯੁਵਕ ਮੇਲੇ ਦੀ ਓਵਰਆਲ ਟ੍ਰਾਫੀ ਜਿੱਤੀ। ਇਸੇ ਤਰ੍ਹਾਂ ਸਾਲ 2019-20 ਦੀ ਅੰਤਰ ਜ਼ੋਨਲ ਯੁਵਕ ਮੇਲੇ ਦੀ ਓਵਰਆਲ ਟ੍ਰਾਫੀ ਜਿੱਤ ਕੇ ਰਿਕਾਰਡ ਕਾਇਮ ਕੀਤਾ ਹੈ। ਕਾਲਜ ਗਵਰਨਿੰਗ ਕੌਂਸਿਲ ਨੇ ਇਹ ਫੈਸਲਾ ਕੀਤਾ ਹੈ। ਸ. ਬਲਬੀਰ ਸਿੰਘ ਲੋਕ ਹਿਤਾਇਸ਼ੀ ਕਦਰਾਂ ਕੀਮਤਾ ਨੂੰ ਸਮਰਪਿਤ ਹੋਕੇ ਵਿੱਦਿਆ, ਸਿਹਤ, ਖੋਜ, ਖੇਡਾਂ, ਸਾਹਿਤਕ ਅਤੇ ਕਲਚਰਲ ਖੇਤਰ ਦੇ ਰਾਹ-ਦਸੇਰੇ ਬਣ ਕੇ ਸਮਾਜ ਨੂੰ ਆਪਣੀ ਸੂਝ ਲਗਨ, ਮਿਹਨਤ ਅਤੇ ਸਿਦਕ ਭਰਪੂਰ ਰੌਸ਼ਨੀ ਦਿੰਦੇ ਹੋਏ ਮਿਤੀ 13 ਫਰਵਰੀ 2008 ਦੀ ਰਾਤ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਅੱਜ ਸਾਡੇ ਵਿਚਕਾਰ ਭਾਵੇਂ ਉਹ ਸਰੀਰਿਕ ਰੂਪ ਵਿੱਚ ਨਹੀਂ ਹਨ, ਪਰ ਅਸੀਂ ਉਹਨਾਂ ਦੁਆਰਾ ਲਗਾਏ ਗਏ ਵਿੱਦਿਅਕ ਸੰਸਥਾਵਾਂ ਰੂਪੀ ਬੂਟਿਆਂ ਦੀ ਛਾਂ ਮਾਣਦੇ ਹੋਏ ਉਹਨਾਂ ਨੂੰ ਇਥੇ ਵਸਦਿਆਂ ਮਹਿਸੂਸ ਕਰ ਰਹੇ ਹਾਂ। ਸਾਡੇ ਲਈ ਇਹ ਗੱਲ ਬੜੀ ਤੱਸਲੀ ਵਾਲੀ ਗੱਲ ਹੈ ਕਿ ਸਰਦਾਰ ਬਲਬੀਰ ਸਿੰਘ ਵਲੋਂ ਲਾਏ ਗਏ ਵਿੱਦਿਆ ਦੇ ਇਹਨਾਂ ਬੂਟਿਆਂ ਨੂੰ ਸਰਦਾਰਨੀ ਬਲਬੀਰ ਕੌਰ ਮਿਹਨਤ ਅਤੇ ਲਗਨ ਨਾਲ ਗਵਰਨਿੰਗ ਕੌਂਸਿਲ ਦੀ ਪ੍ਰਧਾਨਗੀ ਕਰਦੇ ਹੋਏ ਪਾਲ ਰਹੇ ਹਨ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾਂ ਦੇ ਕੇ ਮੈਂ ਮਾਣ ਅਤੇ ਫ਼ਖ਼ਰ ਮਹਿਸੂਸ ਕਰ ਰਿਹਾ ਹਾਂ। ਸ. ਬਲਬੀਰ ਸਿੰਘ ਦਾ ਅਹਿਸਾਸ ਅਤੇ ਉਹਨਾਂ ਦੀ ਦੂਰ ਅੰਦੇਸ਼ੀ ਸੋਚ ਹਮੇਸ਼ਾਂ ਸਾਡਾ ਮਾਰਗ ਦਰਸ਼ਨ ਕਰਦੀ ਹੈ। ਸ਼ਾਲਾ! ਉਹਨਾਂ ਦੁਆਰਾ ਸਿੰਜੇ ਵਿੱਦਿਅਕ ਸੰਸਥਾਵਾਂ ਰੂਪੀ ਬੂਟੇ ਫਲਦੇ-ਫੁਲਦੇ ਰਹਿਣ ਅਤੇ ਸਮਾਜ ਨੂੰ ਗਿਆਨ ਦਾ ਚਾਨਣ ਵੰਡਦੇ ਰਹਿਣ।13 ਫਰਵਰੀ 2020 ਨੂੰ ਲਾਇਲਪੁਰ ਖ਼ਾਲਸਾ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਸ. ਬਲਬੀਰ ਸਿੰਘ ਜੀ ਦੀ 12ਵੀਂ ਬਰਸੀ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਸ਼ਰਧਾ ਭਾਵਨਾ ਨਾਲ ਮਨਾਈ ਜੲ ਰਹੀ ਹੈ।