ਸ੍ਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ (ਤਰਨ ਤਾਰਨ) ਦੀ ਮਾਨਤਾ 1 ਅਪ੍ਰੈਲ, 2020 ਤੋਂ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੰਗਰੂਰ, ਬਰਨਾਲਾ, ਜਲੰਧਰ ਅਤੇ ਤਰਨਤਾਰਨ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਉਲੰਘਣਾ ਕਰਨ ਵਾਲੇ ਚਾਰ ਸਕੂਲ ਬੰਦ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਅਤੇ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ, ਮਾਤਾ ਗੁਜਰੀ ਸਕੂਲ ਧਨੌਲਾ (ਬਰਨਾਲਾ) ਅਤੇ ਆਰਮੀ ਪਬਲਿਕ ਸਕੂਲ, ਜਲੰਧਰ ਨੂੰ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਕੈਬਨਿਟ ਮੰਤਰੀ ਨੇ ਸਾਰੇ ਸਕੂਲ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਵਿਦਿਆਰਥੀਆਂ ਵੱਲੋਂ 31 ਮਾਰਚ ਤੱਕ ਜਮ੍ਹਾਂ ਕਰਵਾਈ ਜਾਣ ਵਾਲੀ ਫੀਸ ‘ਤੇ ਕੋਈ ਵੀ ਲੇਟ ਫੀਸ ਚਾਰਜ ਨਾ ਲਗਾਉਣ। ਉਹਨਾਂ ਅੱਗੇ ਕਿਹਾ ਕਿ ਮਾਪੇ ਸਕੂਲ ਪ੍ਰਬੰਧਕਾਂ ਨੂੰ ਫੀਸਾਂ ਜਾਂ ਹੋਰ ਵਾਧੂ ਚਾਰਜ ਨਹੀਂ ਦੇ ਸਕਣਗੇ ਕਿਉਂਕਿ ਸੂਬੇ ਵਿਚ ਕਰਫਿਊ ਲਗਾਇਆ ਗਿਆ ਹੈ ਜਿਸ ਨੇ ਲੋਕਾਂ ਦੀਆਂ ਲਗਭਗ ਸਾਰੀਆਂ ਗਤੀਵਿਧੀਆਂ ਨੂੰ ਘਟਾ ਦਿੱਤਾ ਹੈ। ਉਨ੍ਹਾਂ ਸਕੂਲ ਅਧਿਕਾਰੀਆਂ ਨੂੰ ਕਿਹਾ ਕਿ ਮਾਪਿਆਂ ਲਈ ਬਕਾਏ ਦੀ ਅਦਾਇਗੀ ਲਈ ਆਖਰੀ ਮਿਤੀ ਵਿੱਚ ਵਾਧਾ ਕਰ ਦੇਣ।
ਸ੍ਰੀ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਫੈਲੇ ਕੋਰੋਨਾਵਾਇਰਸ ਦੇ ਖ਼ਤਰੇ ਨੂੰ ਰੋਕਣ ਲਈ ਹਰ ਸੰਭਵ ਕਦਮ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਨੂੰ ਉੱਚ ਚੇਤਾਵਨੀ ਦਿੱਤੀ ਗਈ ਹੈ ਅਤੇ ਸਮਾਜਕ ਦੂਰੀ ਬਣਾਈ ਰੱਖਣ ਲਈ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ।