ਸਿੱਖ ਜਥੇਬੰਦੀਆਂ ਦੇ ਗੱਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਸਿਆਸੀ ਵਿੰਗ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਫਗਵਾੜਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਸਰਕਾਰ ਵਿਚ ਕੀਤੀਆਂ ਦੋ ਅਹਿਮ ਨਿਯੁਕਤੀਆਂ ਡੀਜੀਪੀ ਪੰਜਾਬ ਅਤੇ ਐਡਵੋਕੇਟ ਜਨਰਲ ਨਾਲ ਮੁੱਖ ਮੰਤਰੀ ਦੀ ਬਰਗਾੜੀ ਮਾਮਲਿਆਂ ਵਿੱਚ ਗੰਭੀਰਤਾ ਅਤੇ ਨੀਅਤ ਸਾਫ਼ ਜ਼ਾਹਰ ਹੋ ਗਈ ਹੈ ! 2015 ਤੋਂ ਬਾਅਦ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਤੀਸਰੇ ਅਜਿਹੇ ਮੁੱਖ ਮੰਤਰੀ ਹਨ ਜਿਨ੍ਹਾਂ ਨੇ ਲਗਾਤਾਰ ਇੱਕੋ ਜਿਹਾ ਰਵੱਈਆ ਇਨਸਾਫ ਦੇਣ ਲਈ ਦਿਖਾਇਆ ਹੈ ! ਇਨ੍ਹਾਂ ਦੋਵਾਂ ਨਿਯੁਕਤੀਆਂ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਪਾਸੇ ਹੋਣ ਤੋਂ ਬਾਅਦ ਬਚੀ ਖੁਚੀ ਆਖਰੀ ਉਮੀਦ ਵੀ ਚਰਨਜੀਤ ਸਿੰਘ ਚੰਨੀ ਨੇ ਲਗਪਗ ਖ਼ਤਮ ਕਰ ਦਿੱਤੀ ।

! ਕਿਉਂਕਿ ਮੁੱਖ ਮੰਤਰੀ ਵੱਲੋਂ ਲਗਾਏ ਗਏ ਮੌਜੂਦਾ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਲੰਕ ਸਿੱਖਾ ਸਿਰ ਮੜ੍ਹਨ ਦੀ ਕੀਤੀ ਗਈ ਕੋਝੀ ਸਾਜ਼ਿਸ਼ ਵਿੱਚ ਪਿਛਲੀ ਸਰਕਾਰ ਦੇ ਨਾਲ ਬਰਾਬਰ ਭਾਗੀਦਾਰ ਰਹਿ ਚੁੱਕੇ ਹਨ ਅਤੇ ਬੇਕਸੂਰ ਸਿੱਖ ਨੌਜਵਾਨਾਂ ਉੱਤੇ ਤਸ਼ੱਦਦ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦਾਗ਼ ਉਲਟਾ ਸਿੱਖਾਂ ਸਿਰ ਮੜ੍ਹਨ ਦੀ ਅਸਫਲ ਕੋਸ਼ਿਸ਼ ਕਰ ਚੁੱਕੇ ਹਨ ।

ਖ਼ਾਸਕਰ ਜਦੋਂ ਕਿ ਇਹ ਬੇਅਦਬੀ ਡੇਰਾ ਪ੍ਰੇਮੀਆਂ ਵੱਲੋਂ ਦੱਸ ਕੇ ਅਤੇ ਲਲਕਾਰ ਕੇ ਕੀਤੀ ਗਈ ਸੀ ਉਸਦੇ ਬਾਵਜੂਦ ਵੀ ਉਸ ਵਕਤ ਇਨਾਂ ਮਾਮਲਿਆਂ ਦੀ ਬਣੀ ਸਿੱਟ ਦੇ ਮੁਖੀ ਹੋਣ ਦੇ ਬਾਵਜੂਦ ਉਨ੍ਹਾਂ ਇੱਕ ਵੀ ਡੇਰਾ ਪ੍ਰੇਮੀ ਕੋਲੋਂ ਸਖਤੀ ਨਾਲ ਪੁੱਛਗਿੱਛ ਕਰਨ ਦੀ ਜ਼ਰੂਰਤ ਨਹੀਂ ਸਮਝੀ ਅਤੇ ਪਿਛਲੀ ਸਰਕਾਰ ਦੇ ਅਸਲ ਦੋਸ਼ੀਆਂ ਨੂੰ ਬਚਾਉਣ ਦੇ ਸਿਆਸੀ ਏਜੰਡੇ ਤਹਿਤ ਇਤਿਹਾਸਕ ਗਲਤੀ ਕਰਦਿਆਂ ਇਹ ਬੇਅਦਬੀ ਦਾ ਦਾਗ ਸਿੱਖਾਂ ਸਿਰ ਮੜ੍ਹਨ ਦੀ ਕੋਸ਼ਿਸ਼ ਕੀਤੀ ,ਜੋ ਕਿ ਸਿੱਖ ਕੌਮ ਦੇ ਦਬਾਅ ਹੇਠ ਅਸਫਲ ਰਹੀ ! ਬਹਿਬਲ ਕਲਾਂ ਗੋਲੀਕਾਂਡ ਵਿੱਚ ਬੇਕਸੂਰ ਸਿੱਖਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਬਚਾਉਣ ਲਈ ਇਤਿਹਾਸ ਚ ਪਹਿਲੀ ਵਾਰ “ ਅਣਪਛਾਤੀ ਪੁਲਿਸ “ਦੱਸ ਕੇ ਪਰਚਾ ਦਰਜ ਕਰਨ ਦੀ ਸਿਫ਼ਾਰਸ਼ ਕਰਨ ਵਾਲੀ ਸਿੱਟ ਦੇ ਮੁਖੀ ਵੀ ਇਹੀ ਮੌਜੂਦਾ ਡੀ ਜੀ ਪੀ ਸਹੋਤਾ ਹੀ ਸਨ ।

ਅਜਿਹੇ ਵਿਅਕਤੀ ਨੂੰ ਡੀਜੀਪੀ ਲਾਉਣ ਦਾ ਮਤਲਬ ਸਾਫ਼ ਹੈ ਕਿ ਚਰਨਜੀਤ ਸਿੰਘ ਚੰਨੀ ਠੀਕ ਸੁਖਬੀਰ ਸਿੰਘ ਬਾਦਲ ਦੇ ਰਾਹ ਤੇ ਤੁਰਨ ਲਈ ਤਿਆਰ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਲਈ ਉਨ੍ਹਾਂ ਨੇ ਸਰਕਾਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ !

ਇੱਥੇ ਹੀ ਬੱਸ ਨਹੀਂ ਬਲਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਮਾਮਲਿਆਂ ਵਿਚ ਮੁੱਖ ਦੋਸ਼ੀ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਪਰਮਰਾਜ ਉਮਰਾਨੰਗਲ ਨੂੰ ਹੁਣ ਤੱਕ ਬਚਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਉਨ੍ਹਾਂ ਦੇ ਵਕੀਲ ਏ ਐਸ ਦਿਉਲ ਨੂੰ ਐਡਵੋਕੇਟ ਜਨਰਲ ਲਾਉਣਾ ਚਰਨਜੀਤ ਸਿੰਘ ਚੰਨੀ ਦੀ ਇਨ੍ਹਾਂ ਮਾਮਲਿਆਂ ਵਿਚ ਨੀਅਤ ਨੂੰ ਸਾਫ਼ ਦਰਸਾਉਂਦਾ ਹੈ !

ਹੈਰਾਨੀ ਦੀ ਗੱਲ ਹੈ ਕਿ ਇਸ ਤੋਂ ਪਹਿਲਾਂ ਬਾਦਲ ਸਰਕਾਰ ਇਨ੍ਹਾਂ ਮਸਲਿਆਂ ਦੇ ਵਿਚ ਦਿਖਾਈਆਂ ਅਣਗਹਿਲੀਆਂ ਅਤੇ ਦੋਸ਼ੀਆਂ ਦਾ ਸਾਥ ਦੇਣ ਦਾ ਖਮਿਆਜ਼ਾ ਸਰਕਾਰ ਗਵਾ ਕੇ ਭੁਗਤ ਚੁੱਕੀ ਹੈ ।
ਉਸ ਤੋਂ ਬਾਅਦ ਕਾਂਗਰਸ ਦੇ ਅਗਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਨ੍ਹਾਂ ਕੇਸਾਂ ਵਿੱਚ ਵਰਤੇ ਢਿੱਲੇ ਰਵੱਈਏ ਕਾਰਨ ਆਪਣੀ ਕੁਰਸੀ ਗੁਆ ਚੁੱਕੇ ਹਨ ਤੇ ਤੀਸਰੇ ਮੁੱਖਮੰਤਰੀ ਜਿਹੜੇ ਇਹ ਵਾਅਦਾ ਕਰਕੇ ਬਣੇ ਕਿ ਅਸੀਂ ਪਹਿਲੇ ਦੋ ਮੁੱਖ ਮੰਤਰੀਆਂ ਦੀਆਂ ਗਲਤੀਆਂ ਨਹੀਂ ਦੁਹਰਾਵਾਂਗੇ ਉਹ ਇਨ੍ਹਾਂ ਮਾਮਲਿਆਂ ਵਿੱਚ ਪਹਿਲੇ ਦੋਵਾਂ ਮੁੱਖ ਮੰਤਰੀਆਂ ਤੋਂ ਵੀ ਅੱਗੇ ਨਿਕਲਦਿਆਂ ਅਸਿੱਧੇ ਰੂਪ ਵਿਚ ਛੱਡ ਸਿੱਧੇ ਰੂਪ ਦੇ ਵਿੱਚ ਹੀ ਦੋਸ਼ੀਆਂ ਦਾ ਸਾਥ ਦੇਣ ਤੇ ਉਤਰ ਆਏ ਹਨ ! ਕਿਉਂਕਿ ਹੁਣ ਇਹ ਸ਼ਪੱਸ਼ਟ ਹੋ ਗਿਆ ਹੈ ਕਿ ਇਨਾ ਮਾਮਲਿਆਂ ਤੇ ਬਾਦਲਾ ਤੇ ਚਰਨਜੀਤ ਸਿੰਘ ਚੰਨੀ ਦਾ ਸਟੈਂਡ ਇੱਕੋ ਹੈ ਤਾਂ ਅਸੀਂ ਕਾਂਗਰਸ ਤੇ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੁੱਖ ਮੰਤਰੀ ਤੇ ਦਬਾਅ ਬਣਾਉਣ ਦੀ ਅਪੀਲ ਕਰਦੇ ਹਾਂ ਕਿ ਉਹ ਇੰਨਾਂ ਦੋਵਾਂ ਨਿਯੁਕਤੀਆਂ ਨੂੰ ਰੱਦ ਕਰਵਾਉਣ ਜਾਂ ਫਿਰ ਉਹ ਆਪਣਾ ਸਟੈਂਡ ਸਪਸ਼ਟ ਕਰਨ ਤਾਂ ਕਿ 2022 ਦੇ ਵਿੱਚ ਹਰ ਉਹ ਵਿਅਕਤੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਰਧਾ ਸਤਿਕਾਰ ਰੱਖਦਾ ਹੈ ਆਪਣੀ ਵੋਟ ਦਾ ਫੈਸਲਾ ਸ਼ਪੱਸ਼ਟਤਾ ਨਾਲ ਲੈ ਸਕੇ !
ਕਿਉਕਿ ਹਰ ਉਹ ਵਿਅਕਤੀ ਜੋ ਇਨ੍ਹਾਂ ਮਾਮਲਿਆਂ ਵਿੱਚ ਦੋਸ਼ੀਆਂ ਦਾ ਸਾਥ ਦੇਵੇਗਾ ਉਸ ਦਾ ਪੰਜਾਬ ਦੇ ਵਿੱਚ ਰਾਜ ਆਉਣਾ ਅਸੰਭਵ ਹੋਵੇਗਾ ਅਤੇ ਉਨ੍ਹਾਂ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ! ਜੇਕਰ ਕਿਸੇ ਵੀ ਵਿਧਾਇਕ ਨੂੰ ਇਹ ਲਗਦਾ ਹੈ ਕਿ ਬੇਅਦਬੀ ਮਾਮਲਿਆਂ ਦਾ ਇਨਸਾਫ਼ ਮੁੱਦਾ ਹੀ ਨਹੀਂ ਹੈ ਤਾਂ ਉਹ ਜਨਤਕ ਤੋਰ ਤੇ ਇਹ ਗੱਲ ਕਹਿਣ ਦੀ ਜੁਰਅਤ ਦਿਖਾਵੇ ਤੇ ਆਪਣਾ ਸਿਆਸੀ ਹਸ਼ਰ ਦੇਖ ਲਵੇ ।