ਜਲੰਧਰ : ਖਾਲਸਾ ਫੁੱਟਬਾਲ ਕਲੱਬ (ਖਾਲਸਾ ਐੱਫ.ਸੀ.) ਵੱਲੋਂ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਭਰ
ਵਿੱਚ ਸਾਬਤ-ਸੂਰਤ ਟੀਮਾਂ ਦਾ ਸਿੱਖ ਫੁੱਟਬਾਲ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਸੈਮੀ ਫਾਈਨਲ ਵਿੱਚ ਪਹੁੰਚੀਆਂ ਚਾਰ ਟੀਮਾਂ ਦੇ
ਰੌਚਕ ਤੇ ਫਸਵੇਂ ਭੇੜ ਕੱਲ 6 ਫਰਵਰੀ ਨੂੰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਖੇ ਸਵੇਰੇ 11 ਵਜੇ ਹੋਣਗੇ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਖਾਲਸਾ ਐੱਫ.ਸੀ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸਕੱਤਰ ਜਨਰਲ ਡਾ. ਪ੍ਰੀਤਮ
ਸਿੰਘ ਡਾਇਰੈਕਟਰ ਖੇਡਾਂ ਨੇ ਦੱਸਿਆ ਕਿ ਸੈਮੀ ਫਾਈਨਲ ਮੈਚਾਂ ਦਾ ਉਦਘਾਟਨ ਯੂਨੀਵਰਸਿਟੀ ਦੇ ਚਾਂਸਲਰ ਸੰਤ ਬਾਬਾ ਦਿਲਾਵਰ ਸਿੰਘ
ਬ੍ਰਹਮਜੀ ਕਰਨਗੇ। ਟੂਰਨਾਮੈਂਟ ਦੀ ਅਰੰਭਤਾ ਤੋਂ ਪਹਿਲਾਂ ਸਮੂਹ ਹਾਜ਼ਰੀਨ ਨੂੰ ਪੰਜ ਮੂਲ-ਮੰਤਰ ਦੇ ਪਾਠਾਂ ਦਾ ਉਚਾਰਨ ਕਰਵਾਇਆ ਜਾਵੇਗਾ ਅਤੇ
ਮੈਚ ਦੀ ਚੜਦੀਕਲਾ ਲਈ ਅਰਦਾਸ ਕਰਲ ਉਪਰੰਤ ਗੱਤਕਈ ਸਿੰਘ ਸਿੱਖ ਜੰਗਜੂ ਕਲਾ ਦੇ ਜੌਹਰ ਦਿਖਾਉਣਗੇ।
ਉਨਾਂ ਦੱਸਿਆ ਕਿ ਸਾਬਤ-ਸੂਰਤ ਟੀਮਾਂ ਦੇ ਚੱਲ ਰਹੇ ਇਸ ਫੁੱਟਬਾਲ ਕੱਪ ਦੌਰਾਨ ਪੰਜਾਬ ਦੇ 22 ਜ਼ਿਲਿਆਂ ਸਮੇਤ ਚੰਡੀਗੜ ਦੀ ਟੀਮ
ਫੀਫਾ ਦੇ ਨਿਯਮਾਂ ਅਨੁਸਾਰ ਨਾਕਆਊਟ ਆਧਾਰ ਉਤੇ ਮੈਚ ਖੇਡ ਰਹੀਆਂ ਹਨ। ਇੰਨਾਂ ਸੈਮੀ ਫਾਈਨਲ ਮੈਚਾਂ ਖਾਲਸਾ ਐੱਫ.ਸੀ. ਗੁਰਦਾਸਪੁਰ ਦੀ
ਟੀਮ ਦਾ ਮੁਕਾਬਲਾ ਖਾਲਸਾ ਐੱਫ.ਸੀ. ਬਰਨਾਲਾ ਨਾਲ ਅਤੇ ਖਾਲਸਾ ਐੱਫ.ਸੀ. ਜਲੰਧਰ ਦਾ ਭੇੜ ਖਾਲਸਾ ਐੱਫ.ਸੀ. ਰੂਪਨਗਰ ਦੀ ਟੀਮ ਨਾਲ
ਹੋਵੇਗਾ। ਇਸ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਫਾਈਨਲ ਵਿੱਚ ਭਿੜਨਗੀਆਂ।
ਉਨਾਂ ਦੱਸਿਆ ਕਿ ਇਸ ਇਤਿਹਾਸਕ ਸਿੱਖ ਫੁੱਟਬਾਲ ਕੱਪ ਦਾ ਫਾਈਨਲ ਮੈਚ ਅਤੇ ਇਨਾਮ ਵੰਡ ਸਮਾਰੋਹ ਸੈਕਟਰ 42, ਚੰਡੀਗੜ ਦੇ
ਸਟੇਡੀਅਮ ਵਿੱਚ 8 ਫਰਵਰੀ ਨੂੰ ਸਵੇਰੇ 11 ਵਜੇ ਹੋਵੇਗਾ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ
ਜੀ ਸਾਬਤ-ਸੂਰਤ ਟੀਮਾਂ ਨੂੰ ਅਸੀਸ ਦੇਣਗੇ ਅਤੇ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਪੰਥ ਦੀਆਂ ਹੋਰ ਮਾਇਆਨਾਜ਼ ਹਸਤੀਆਂ ਅਤੇ ਕਈ
ਉੱਚ ਅਧਿਕਾਰੀ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ।