ਫਗਵਾੜਾ 3 ਜੂਨ (ਸ਼ਿਵ ਕੋੜਾ) ਪਿਛਲੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸੁਖਪਾਲ ਸਿੰਘ ਖਹਿਰਾ ਵਲੋਂ ਅੱਜ ਦੁਬਾਰਾ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦੇ ਕੀਤੇ ਐਲਾਨ ਦਾ ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਸੌਰਵ ਖੁੱਲਰ ਨੇ ਸਵਾਗਤ ਕੀਤਾ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਸੌਰਵ ਖੁੱਲਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਭੁੱਲਥ ਹਲਕੇ ਦੇ ਕਈ ਵੱਡੇ ਕਾਂਗਰਸੀ ਆਗੂਆਂ ਵਲੋਂ ਦੂਸਰੀਆਂ ਪਾਰਟੀਆਂ ਵਿਚ ਸ਼ਾਮਲ ਹੋਣ ਨਾਲ ਇੱਥੇ ਕਾਂਗਰਸ ਦੀ ਸਥਿਤੀ ਬਹੁਤ ਕਮਜ਼ੋਰ ਹੋ ਗਈ ਸੀ ਜਿਸ ਨੂੰ ਦੇਖਦੇ ਹੋਏ ਪਾਰਟੀ ਹਾਈਕਮਾਂਡ ਵਲੋਂ ਉਹਨਾਂ ਨੂੰ ਹਲਕੇ ‘ਚ ਕਾਂਗਰਸ ਦੀ ਮਜਬੂਤੀ ਦੀ ਜਿੰਮੇਵਾਰੀ ਸੰਭਾਲੀ ਗਈ ਅਤੇ ਉਹਨਾਂ ਦਿਨ-ਰਾਤ ਇਕ ਕਰਕੇ ਪਾਰਟੀ ਦੇ ਖਿੱਲਰੇ ਹੋਏ ਢਾਂਚੇ ਨੂੰ ਮਜਬੂਤ ਕੀਤਾ। ਹੁਣ ਜਦੋਂ ਸੁਖਪਾਲ ਸਿੰਘ ਖਹਿਰਾ ਦੀ ਘਰ ਵਾਪਸੀ ਹੋ ਗਈ ਹੈ ਤਾਂ ਉਹ ਖਹਿਰਾ ਦੇ ਤਜ਼ੁਰਬੇ ਦਾ ਲਾਭ ਲੈਂਦੇ ਹੋਏ ਉਹਨਾਂ ਦੀ ਮੱਦਦ ਨਾਲ ਪਾਰਟੀ ਛੱਡ ਕੇ ਗਏ ਹੋਰ ਸਥਾਨਕ ਆਗੂਆਂ ਦੀ ਘਰ ਵਾਪਸੀ ਦਾ ਰਾਹ ਤਿਆਰ ਕਰਨਗੇ। ਇਕ ਸਵਾਲ ਦੇ ਜਵਾਬ ਵਿਚ ਸੌਰਵ ਖੁੱਲਰ ਨੇ ਕਿਹਾ ਕਿ ਅਗਲੇ ਸਾਲ ਦੀਆਂ ਵਿਧਾਨਸਭਾ ਚੋਣਾਂ ‘ਚ ਹਲਕਾ ਭੁਲੱਥ ਤੋਂ ਬੇਸ਼ਕ ਉਹ ਖੁਦ ਵੀ ਟਿਕਟ ਦੇ ਦਾਅਵੇਦਾਰ ਹਨ ਪਰ ਪਾਰਟੀ ਹਾਈਕਮਾਂਡ ਜਿਸ ਨੂੰ ਚੋਣ ਲੜਾਉਣ ਦਾ ਫੈਸਲਾ ਕਰੇਗੀ ਉਸਦਾ ਸਵਾਗਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਕਿਸੇ ਵਜ੍ਹਾ ਕਾਰਨ ਨਹੀਂ ਬਲਕਿ ਦਿਲੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਪ੍ਰਤੀ ਵਫਾਦਾਰ ਹਨ। ਯੂਥ ਕਾਂਗਰਸ ਦੇ ਸਮੂਹ ਵਰਕਰ ਅੱਗੇ ਵੀ ਹਲਕੇ ਵਿਚ ਕਾਂਗਰਸ ਦੀ ਮਜਬੂਤੀ ਲਈ ਹੋਰ ਤਨਦੇਹੀ ਨਾਲ ਯਤਨਸ਼ੀਲ ਰਹਿਣਗੇ। ਉਹਨਾਂ ਭਰੋਸਾ ਜਤਾਇਆ ਕਿ ਸੁਖਪਾਲ ਸਿੰਘ ਖਹਿਰਾ ਦੀ ਵਾਪਸੀ ਨਾਲ ਭੁਲੱਥ ਨੂੰ ਇਕ ਵਾਰ ਫਿਰ ਕਾਂਗਰਸ ਪਾਰਟੀ ਦੇ ਗੜ੍ਹ ਵਜੋਂ ਜਾਣਿਆ ਜਾਵੇਗਾ