
ਜਲੰਧਰ 1 ਮਾਰਚ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵਲੋਂ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਦੇ ਮੰਤਵ ਤਹਿਤ ਇਕ ਕਰੋੜ ਰੁਪਏ ਦੀ ਸਬਸਿਡੀ ਜਾਰੀ ਕਰ ਦਿੱਤੀ ਗਈ ਹੈ ਜਿਸ ਨਾਲ ਹੁਣ ਵੱਖ-ਵੱਖ ਬੈਂਕਾਂ ਵਲੋਂ ਇਨਾਂ ਲਾਭਪਾਤਰੀਆਂ ਨੂੰ 8.25 ਕਰੋੜ ਰੁਪਏ ਦੇ ਕਰਜ਼ੇ ਉਪਲਬੱਧ ਹੋ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਮੋਹਨ ਲਾਲ ਸੂਦ ਵਲੋਂ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ 68 ਲਾਭਪਾਤਰੀਆਂ ਨੂੰ 6.80 ਲੱਖ ਰੁਪਏ ਦੀ ਸਬਸਿਡੀ ਦੇ ਮਨਜ਼ੂਰੀ ਪੱਤਰ ਵੰਡਣ ਮੌਕੇ ਕੀਤਾ ਗਿਆ।
ਚੇਅਰਮੈਨ ਨੇ ਅੱਗੇ ਦੱਸਿਆ ਕਿ ਇਹ ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਸ੍ਰ.ਸਾਧੂ ਸਿੰਘ ਧਰਮਸੋਤ ਵਲੋਂ ਕੀਤੇ ਗਏ ਅਣਥੱਕ ਯਤਨਾਂ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਸੰਭਵ ਹੋ ਸਕਿਆ ਹੈ, ਜਿਨਾਂ ਵਲੋਂ ਕੋਵਿਡ-19 ਦੀ ਮਹਾਂਮਾਰੀ ਦੇ ਦੌਰ ਦੌਰਾਨ ਕਾਰਪੋਰੇਸ਼ਨ ਨੂੰ ਚਾਲੂ ਮਾਲੀ ਸਾਲ ਦੌਰਾਨ ਸ਼ੇਅਰ ਕੈਪੀਟਲ ਅਤੇ ਸਬਸਿਡੀ ਦੇ ਕੁੱਲ 792.53 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਨੇੜਲੇ ਭਵਿੱਖ ਵਿੱਚ ਲਗਭਗ 170 ਲੱਖ ਰੁਪਏ ਹੋਰ ਜਾਰੀ ਹੋਣ ਦੀ ਉਮੀਦ ਹੈ।
ਸ੍ਰੀ ਸੂਦ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਅਨੁਸੂਚਿਤ ਜਾਤੀਆਂ ਦੇ 14260 ਗਰੀਬ ਕਰਜ਼ਾ ਧਾਰਕਾਂ ਦੇ 50,000 ਰੁਪਏ ਤੱਕ ਦੇ ਕਰਜ਼ੇ ਮੁਆਫ਼ ਕਰਦੇ ਹੋਏ 45.41 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਲਾਭ ਪਹੁੰਚਾਉਣ ਹਿੱਤ ਲਾਲ ਲਕੀਰ ਦੇ ਅੰਦਰ ਦੀ ਜਾਇਦਾਦ ਦੀ ਮਲਕੀਅਤ ਸਬੰਧੀ ਮਾਲਕਾਨਾ ਹੱਕ ਲੋਕਾਂ ਨੂੰ ਦੇਣ ਬਾਰੇ ਮਾਲ ਵਿਭਾਗਾਂ ਨੂੰ ਹੁਕਮ ਕੀਤੇ ਹਨ। ਇਸ ਨਾਲ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਕਰਜ਼ਾ ਲੈਣ ਸਮੇਂ ਜ਼ਮਾਨਤ ਦੇਣ ਸਬੰਧੀ ਕੋਈ ਮੁਸ਼ਕਿਲ ਪੇਸ਼ ਨਹੀਂ ਆਵੇਗੀ।
ਸ੍ਰੀ ਸੂਦ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਐਸ.ਸੀ.ਕਾਰਪੋਰੇਸ਼ਨ ਵਲੋਂ ਹੋਰ ਵੱਖ-ਵੱਖ ਸਕੀਮਾਂ ਅਧੀਨ ਹੁਣ ਤੱਕ 405 ਲਾਭਪਾਤਰੀਆਂ ਨੂੰ 703.58 ਲੱਖ ਰੁਪਏ ਦਾ ਹੋਰ ਕਰਜ਼ਾ ਵੀ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਅਤੇ ਇਸ ਚਾਲੂ ਸਾਲ ਦੇ ਅੰਤ ਤੱਕ ਵੱਧ ਤੋਂ ਵੱਧ ਹੋਰ ਲਾਭਪਾਤਰੀਆਂ ਨੂੰ ਵੀ ਕਰਜ਼ਾ ਮੁਹੱਈਆ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਾਰਪੋਰੇਸ਼ਨ ਵਲੋਂ ਕਰਜ਼ੇ ਵੰਡਣ ਦੇ ਨਾਲ-ਨਾਲ ਹੁਣ ਤੱਕ 811.46 ਲੱਖ ਰੁਪਏ ਦੇ ਕਰਜ਼ਿਆਂ ਦੀ ਵਸੂਲੀ ਵੀ ਕੀਤੀ ਗਈ ਹੈ।
ਇਸ ਮੌਕੇ ਡਾ. ਰਾਮ ਲਾਲ ਜੱਸੀ ਉਪ ਚੇਅਰਮੈਨ, ਸ੍ਰੀ ਵਿਜੈ ਕੁਮਾਰ ਜ਼ਿਲ੍ਹਾ ਮੈਨੇਜਰ ਜਲੰਧਰ, ਸ੍ਰ.ਲਖਵਿੰਦਰ ਸਿੰਘ ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫ਼ਸਰ ਅਤੇ ਹੋਰ ਵੀ ਹਾਜ਼ਰ ਸਨ।
————-