ਜਲੰਧਰ : ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਹੋਰ ਹੁਲਾਰਾ ਦਿੰਦਿਆਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਜਿਨਾਂ ਦੇ ਨਾਲ ਵਿਧਾਇਕ , ਮੇਅਰ ਅਤੇ ਕਮਿਸ਼ਨਰ ਨਗਰ ਨਿਗਮ ਵੀ ਮੌਜੂਦ ਸਨ ਵਲੋਂ ਸਮਾਰਟ ਸਿਟੀ ਪ੍ਰੋਜੈਕਟ ਤਹਿਤ 20.61 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਸਫ਼ਾਈ ਵਾਲੀ ਮਸ਼ੀਨ, ਅਵਾਜਾਈ ਅਤੇ ਦਿਸ਼ਾ ਸੰਕੇਤ ਤੇ ਛੱਤਾਂ ਤੇ ਲਗਾਏ ਗਏ ਸੂਰਜੀ ਊਰਜਾ ਪੈਨਲ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਗਏ। ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਜਿਨਾਂ ਦੇ ਨਾਲ ਵਿਧਾਇਕ ਰਜਿੰਦਰ ਬੇਰੀ, ਸੁਸ਼ੀਲ ਕੁਮਾਰ ਰਿੰਕੂ ਅਤੇ ਅਵਤਾਰ ਸਿੰਘ ਬਾਵਾ ਹੈਨਰੀ, ਮੇਅਰ ਨਗਰ ਨਿਗਮ ਜਗਦੀਸ਼ ਰਾਜ ਰਾਜਾ ਅਤੇ ਕਮਿਸ਼ਨਰ ਦੀਪਰਵਾ ਲਾਕੜਾ ਅਤੇ ਸੀ.ਈ.ਓ. ਸਮਾਰਟ ਸਿਟੀ ਜਤਿੰਦਰ ਜੋਰਵਾਲ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਮੌਜੂਦ ਸਨ ਵਲੋਂ ਨਗਰ ਨਿਗਮ ਜਲੰਧਰ ਦੇ ਦਫ਼ਤਰ ਵਿਖੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੜਕਾਂ ਸਾਫ ਕਰਨ ਵਾਲੀ ਸਫ਼ਾਈ ਮਸ਼ੀਨ ਤੋਂ ਇਲਾਵਾ 2 ਸਾਲ ਤੱਕ ਵਰਤੋਂ ਯੋਗ ਸਮਾਨ ਜਿਨਾਂ ਦੀ ਲਾਗਤ 50.10 ਲੱਖ ਹੋਵੇਗੀ ਜਲੰਧਰ ਸਮਾਰਟ ਸਿਟੀ ਲਿਮਟਿਡ ਵਲੋਂ ਅਤੇ 33.73 ਲੱਖ ਦੀ ਏ.ਐਮ.ਸੀ. ਅਤੇ 5 ਸਾਲ ਤੱਕ ਮੈਨਪਾਵਰ ਦਾ ਖਰਚਾ ਨਗਰ ਨਿਗਮ ਜਲੰਧਰ ਵਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਵੀਪਿੰਗ ਮਸ਼ੀਨ ਵਲੋਂ ਰੋਜ਼ਾਨਾ 35 ਤੋਂ 40 ਕਿਲੋਮੀਟਰ ਸੜਕਾਂ ਦੀ ਸਫ਼ਾਈ ਕੀਤੀ ਜਾਵੇਗੀ ਜਿਸ ਵਿੱਚ ਪਾਣੀ ਛਿੜਕਾਉਣ ,ਕੈਮਰਾ ਅਤੇ ਜੀ.ਪੀ.ਐਸ.ਸਿਸਟਮ ਲੱਗਿਆ ਹੋਇਆ ਹੈ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਇਕ ਹੋਰ ਸਫ਼ਾਈ ਮਸ਼ੀਨ ਦਸਬੰਰ 2019 ਤੱਕ ਪਹੁੰਚ ਜਾਵੇਗੀ  ਅਤੇ ਇਸ ਪ੍ਰੋਜੈਕਟ ਦਾ  2.27 ਕਰੋੜ ਦਾ ਕੰਮ ਪ੍ਰਾਈਵੇਟ ਕੰਪਨੀ ਨੂੰ ਅਲਾਟ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ਵਿੱਚ ਦਿਸ਼ਾ ਅਤੇ ਅਵਾਜਾਈ ਦੇ 3932 ਸੂਚਕ ਬੋਰਡ ਲਗਾਏ ਗਏ ਹਨ ਜਿਹੜੇ ਕਿ ਆਉਣ ਜਾਣ ਵਾਲਿਆਂ ਨੂੰ ਵੱਖ ਵੱਖ ਥਾਵਾਂ, ਸੁਰੱਖਿਆ ਅਤੇ ਸੁਚਾਰੂ ਅਵਾਜਾਈ ਲਈ ਵਾਹਨਾਂ ਦੀ ਉਚਿਤ ਗਤੀ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ। ਉਨ੍ਹਾਂ ਦੱਸਿਆ ਕਿ ਕਿ ਸ਼ਹਿਰ ਵਿੱਚ 21 ਸਰਕਾਰੀ ਇਮਾਰਤਾਂ ਦੀਆਂ ਛੱਤਾਂ ’ਤੇ 17.8 ਕਰੋੜ ਦੀ ਲਾਗਤ ਨਾਲ ਸੂਰਜੀ ਊਰਜਾ ਪੈਨਲ ਲਗਾਉਣ ਲਈ ਇਮਾਰਤਾਂ ਦੀ ਪਹਿਚਾਣ ਕਰ ਲਈ ਗਈ ਹੈ ਜਿਨਾਂ ਵਲੋਂ 37 ਕਿਲੋਵਾਟ ਬਿਜਲੀ ਪੈਦਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਪੋਰਟਸ ਕਾਲਜ, ਮੈਰੀਟੋਰੀਅਸ ਸਕੂਲ ਅਤੇ ਨਹਿਰੂ ਗਾਰਡਨ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੂਰਜੀ ਊਰਜਾ ਪੈਨਲ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ ਅਤੇ ਦੋ ਸੋਲਰ ਊਰਜਾ ਪੈਨਲ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅਤੇ ਪੀ.ਏ.ਪੀ.ਕੰਪਲੈਕਸ ਵਿਖੇ ਜਲਦੀ ਲਗਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਗਤੀਸ਼ੀਲ ਅਗਵਾਈ ਵਿੱਚ ਸੂਬਾ ਸਰਕਾਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਇਨਾਂ ਪ੍ਰੋਜੈਕਟਾਂ ਨਾਲ ਆਧੁਨਿਕ ਤਰਜ ’ਤੇ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇਗਾ।