ਜਲੰਧਰ: ਡਿਪਟੀ ਕਮਿਸਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਕਾਰੋਬਾਰ ਨੂੰ ਸਥਾਪਿਤ ਕਰਨ ਲਈ ਪ੍ਰਵਾਨਗੀ ਜਾਰੀ ਕਰਨ ਹਿੱਤ ਬਿਨੈਪੱਤਰ ਪ੍ਰਾਪਤ ਕਰਨ ਲਈ ਬਣਾਏ ਗਏ ਬਿਜਨਸ ਫਸਟ ਪੋਰਟਲ ਰਾਹੀਂ ਜਲੰਧਰ ਦੇ ਕਸਬਾ ਆਦਮਪੁਰ ਅਤੇ ਕਰਤਾਰਪੁਰ ਲਈ ਦੋ ਨਿਵੇਸ਼ ਪ੍ਰੋਜੈਕਟਾਂ ਦੀ ਤਜਵੀਜ਼ਾਂ ਨੂੰ ਪ੍ਰਵਾਨਗੀ ਦਿੱਤੀ ਗਈ।
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ਵਿਖੇ ਬਿਜਨਸ ਫਸਟ ਪੋਰਟਲ ਦੀ ਜ਼ਿਲ੍ਹਾ ਪੱਧਰੀ ਪ੍ਰਵਾਨਗੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਿਆਲਪੁਰ ਵਿਖੇ ਬੰਬੇ ਰਿਜੋਰਟਸ ਅਤੇ ਪਿਕਨਿਕ ਸਪੋਟ ਦੀ 2.55 ਕਰੋੜ ਦੀ ਪਹਿਲੀ ਤਜਵੀਜ਼ ਅਤੇ ਅਰਜਨਵਾਲ ਵਿਖੇ ਪਵੀਲੀਅਨ ਹੋਟਲ ਦੀ 2.28 ਕਰੋੜ ਰੁਪਏ ਦੀ ਦੂਜੀ ਤਜਵੀਜ਼ ਪ੍ਰਾਪਤ ਹੋਈ ਸੀ ਜਿਸ ਨੂੰ ਪ੍ਰਵਾਨੀ ਦਿੱਤੀ ਗਈ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਸਾਰੇ ਪ੍ਰੋਜੈਕਟਾਂ ਦੀ ਸਮੇਂ ਸਿਰ ਪ੍ਰਵਾਨਗੀ ਜਾਰੀ ਕਰਨ ਨੂੰ ਕਮੇਟੀ ਵਲੋਂ ਯਕੀਨੀ ਬਣਾਇਆ ਜਾਵੇ। ਉਨ੍ਹਾ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਜ਼ਿਲ੍ਹੇ ਵਿੱਚ ਉਦਯੋਗਿਕ ਖੇਤਰ ਨੂੰ ਵੱਧ ਤੋਂ ਵੱਧ ਬੜਾਵਾ ਦਿੱਤਾ ਜਾਵੇ ਤਾਂ ਜੋ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋ ਸਕਣ। ਉਨ੍ਹਾ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਨ ਲਾਈਨ ਪੋਰਟਲ ਉਦਯੋਗਪਤੀਆਂ ਨੂੰ ਰੈਗੂਲੇਟਰੀ ਅਤੇ ਵਿੱਤੀ ਪ੍ਰਵਾਨਗੀਆਂ ਨੂੰ ਸਮੇਂ ਸਿਰ ਹਾਸਿਲ ਕਰਨ ਲਈ ਇਕ ਸਾਂਝਾ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਯੋਗ ਅਤੇ ਗਤੀਸ਼ੀਲ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਨਵੀਂ ਉਦਯੋਗਿਕ ਨੀਤੀ ਤਹਿਤ ਉਦਯੋਗਪਤੀਆਂ ਨੂੰ ਉਦਯੋਗਿਕ ਰਿਆਇਤਾਂ ਦੇ ਕੇ ਸੂਬੇ ਦ ਆਰਥਿਕ ਵਿਕਾਸ ਨੂੰ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਇਸ ਨੂੰ ਆਨ ਲਾਈਨ ਪੋਰਟਲ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਵੇਂ ਆਨ ਲਾਈਨ ਪੋਰਟਲ ਰਾਹੀਂ ਉਦਯੋਗਪਤੀਆਂ ਨੂੰ ਸਾਰੇ ਸਬੰਧਿਤ ਵਿਭਾਗਾਂ ਤੋਂ ਪ੍ਰਵਾਨਗੀਆਂ ਇਕੋ ਛੱਤ ਹੇਠ ਪ੍ਰਵਾਨ ਕਰਨ ਵੱਲ ਇਕ ਕਦਮ ਹੈ।
ਉਦਯੋਗਾਂ ਨੂੰ ਸੂਬੇ ਦੀ ਰੀੜ੍ਹ ਦੀ ਹੱਡੀ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਦਯੋਗਪਤੀਆਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਸੂਬਾ ਸਰਕਾਰ ਉਦਯੋਗਾਂ ਨੂੰ ਰਾਜ ਵਿੱਚ ਸਾਰਥਕ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਸ ਮੌਕੇ ਜਨਰਲ ਮੇਨੈਜਰ ਉਦਯੋਗ ਭੋਲਾ ਸਿੰਘ ਬਰਾੜ, ਜਾਇੰਟ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਪਰਮਜੀਤ ਸਿੰਘ, ਡੀ.ਟੀ.ਪੀ. ਨਵਲ ਕਿਸ਼ੋਰ ਸ਼ਰਮਾ, ਲੀਡ ਬੈਂਕ ਮੇਨੈਜਰ ਪੀ.ਐਸ.ਭਾਟੀਆ ਅਤੇ ਹੋਰ ਵੀ ਹਾਜ਼ਰ ਸਨ।