ਜਲੰਧਰ 19 ਦਸੰਬਰ 2020
ਵੱਖ-ਵੱਖ ਸੰਗਠਨਾਂ ਵਲੋਂ ਕੀਤੇ ਜਾਂਦੇ ਧਰਨਿਆਂ ਤੋਂ ਲੋਕਾਂ ਨੂੰ ਘੱਟ ਤੋਂ ਘੱਟ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ, ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਂਤਮਈ ਧਰਨਿਆਂ ਲਈ 9 ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸ਼ਾਂਤਮਈ ਧਰਨਿਆਂ ਲਈ ਥਾਵਾਂ ਦੀ ਚੋਣ ਬਹੁਤ ਹੀ ਸੋਚ ਵਿਚਾਰ ਮਗਰੋਂ ਕੀਤੀ ਗਈ ਹੈ ਤਾਂ ਜੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਾਂ ਸੰਸਥਾਵਾਂ ਵਲੋਂ ਰੋਸ ਵਿਖਾਵਿਆਂ ਦੌਰਾਨ ਆਮ ਜਨ ਜੀਵਨ ਪ੍ਰਭਾਵਿਤ ਨਾ ਹੋ ਸਕੇ।
ਉਨ੍ਹਾਂ ਦੱਸਿਆ ਕਿ ਸ਼ਾਂਤਮਈ ਧਰਨਿਆਂ ਲਈ ਪੁੱਡਾ ਗਰਾਊਂਡ ਤਹਿਸੀਲ ਕੰਪਲੈਕਸ ਦੇ ਸਾਹਮਣੇ, ਦੇਸ਼ ਭਗਤ ਯਾਦਗਾਰ ਹਾਲ, ਬਰਲਟਨ ਪਾਰਕ,ਦੁਸਹਿਰਾ ਗਰਾਊਂਡ ਜਲੰਧਰ ਕੈਂਟ, ਇੰਪਰੂਵਮੈਂਟ ਟਰੱਸਟ ਗਰਾਊਂਡ ਕਰਤਾਰਪੁਰ, ਦਾਣਾ ਮੰਡੀ ਭੋਗਪੁਰ, ਕਪੂਰਥਲਾ ਰੋਡ ਨਕੋਦਰ ਦਾ ਪੱਛਮੀ ਪਾਸਾ, ਦਾਣਾ ਮੰਡੀ ਪਿੰਡ ਸੈਫ਼ਾਵਾਲਾ(ਫਿਲੌਰ) ਅਤੇ ਨਗਰ ਪੰਚਾਇਤ ਕੰਪਲੈਕਸ ਸ਼ਾਹਕੋਟ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਇਹ ਸਥਾਨ ਕੇਵਲ ਸ਼ਾਂਤਮਈ ਧਰਨਿਆਂ ਲਈ ਹੀ ਨਿਰਧਾਰਤ ਕੀਤੇ ਗਏ ਹਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਧਰਨੇ ਤੋਂ ਪਹਿਲਾਂ ਕਮਿਸ਼ਨਰ ਪੁਲਿਸ ਜਾਂ ਸਬੰਧਤ ਉਪ ਮੰਡਲ ਮੈਜਿਸਟਰੇਟ , ਜੋ ਵੀ ਲਾਗੂ ਹੋਵੇ, ਪਾਸੋਂ ਧਰਨੇ ਦੀ ਅਗਾਉਂ ਪ੍ਰਵਾਨਗੀ ਲੈਣੀ ਹੋਵੇਗੀ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਹਥਿਆਰ ਜਿਵੇਂ ਚਾਕੂ ,ਲਾਠੀ ਜਾਂ ਕੋਈ ਹੋਰ ਲੈ ਜਾਣ ਦੀ ÇÎੲਜਾਜ਼ਤ ਨਹੀਂ ਹੋਵੇਗੀ।
ਉਨ੍ਹਾਂ ਦੱਸਿਆ ਕਿ ਧਰਨੇ ਦੌਰਾਨ ਧਰਨਾ ਦੇਣ ਵਾਲੀ ਸੰਸਥਾਂ/ਪਾਰਟੀ ਨੂੰ ਇਹ ਲਿਖਤੀ ਦੇਣਾ ਪਵੇਗਾ ਕਿ ਇਹ ਧਰਨਾ ਪੂਰੀ ਤਰ੍ਹਾਂ ਨਾਲ ਸ਼ਾਂਤਮਈ ਹੋਵੇਗਾ। ਇਸੇ ਤਰ੍ਹਾਂ ਧਰਨੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਗੈਰ ਕਾਨੂੰਨੀ ਕਾਰਜ ਕਾਰਨ ਹੋਣ ਵਾਲੇ ਜਾਨੀ ਜਾਂ ਮਾਲੀ ਨੁਕਸਾਨ ਦੀ ਪੂਰਤੀ ਵੀ ਉਨ੍ਹਾਂ ਨੂੰ ਹੀ ਕਰਨੀ ਪਵੇਗੀ।
ਉਨ੍ਹਾਂ ਦੱਸਿਆ ਕਿ ਇਹ ਹੁਕਮ ਮਾਲ ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਵਿਭਾਗ ,ਪੰਜਾਬ ਵਲੋਂ ਰਿੱਟ ਪਟੀਸ਼ਨ ਨੰ : 28061 ‘ਵਰਿੰਦਰਪਾਲ ਸਿੰਘ ਬਨਾਮ ਪੰਜਾਬ ਸਟੇਟ’ ਅਨੁਸਾਰ ਜਾਰੀ ਕੀਤੇ ਗਏ ਹਨ ਅਤੇ ਇਹ ਹੁਕਮ 18 ਦਸੰਬਰ 2020 ਤੋਂ ਜਾਰੀ ਹੋਣ ’ਤੇ ਅਗਲੇ ਦੋ ਮਹੀਨੇ ਤੱਕ ਲਾਗੂ ਰਹਿਣਗੇ।