ਫਗਵਾੜਾ 9 ਅਪ੍ਰੈਲ (ਸ਼ਿਵ ਕੋੜਾ) ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਰਜਿ. ਵਲੋਂ ਨੇਕ ਉਪਰਾਲਾ ਕਰਦੇ ਹੋਏ ਸੁਸਾਇਟੀ ਦੇ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਦੇ ਆਸ਼ਿ੍ਰਤਾਂ ਲਈ ਰਾਸ਼ਨ ਅਤੇ ਹੋਰ ਖਾਣ-ਪੀਣ ਦੀ ਸਮੱਗਰੀ ਭੇਂਟ ਕੀਤੀ ਗਈ। ਇਸ ਮੌਕੇ ਆਯੋਜਿਤ ਸਮਾਗਮ ਵਿਚ ਸਾਬਕਾ ਕੇਂਦਰੀ ਮੰਤਰੀ ਅਤੇ ਰਾਸ਼ਟਰੀ ਐਸ.ਸੀ. ਕਮੀਸ਼ਨ ਦੇ ਸਾਬਕਾ ਚੇਅਰਮੈਨ  ਵਿਜੇ ਸਾਂਪਲਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਜਦਕਿ ਵਿਸ਼ੇਸ ਮਹਿਮਾਨਾਂ ਵਜੋਂ ਕੈਵਿਨ ਸਿੰਘ ਯੂਥ ਪ੍ਰਧਾਨ ਆਮ ਆਦਮੀ ਪਾਰਟੀ, ਐਡਵੋਕੇਟ ਕਿਰਪਾਲ ਸਿੰਘ ਪਾਲੀ ਫਿਲੌਰ ਅਤੇ ਹਰਜੀਤ ਸਿੰਘ ਰਾਮਗੜ੍ਹ ਨੇ ਸ਼ਿਰਕਤ ਕੀਤੀ। ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਸੁਸਾਇਟੀ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਮਾਜ ਦੇ ਕਮਜੋਰ ਤੇ ਲੋੜਵੰਦ ਵਰਗ ਦੀ ਹਰ ਸੰਭਵ ਸੇਵਾ ਤੇ ਸਹਾਇਤਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਸਾਡੇ ਗੁਰੂਆਂ, ਪੀਰਾਂ ਤੇ ਪੈਗੰਬਰਾਂ ਨੇ ਵੀ ਆਪੋ ਆਪਣੀ ਬਾਣੀ ਵਿਚ ਇਹੋ ਸੁਨੇਹਾ ਦਿੱਤਾ ਹੈ। ਆਪ ਪਾਰਟੀ ਦੇ ਯੂਥ ਪ੍ਰਧਾਨ ਕੈਵਿਨ ਸਿੰਘ, ਕ੍ਰਿਪਾਲ ਸਿੰਘ ਪਾਲੀ ਐਡਵੋਕੇਟ ਕੇਟ ਅਤੇ ਹਰਜੀਤ ਸਿੰਘ ਰਾਮਗੜ੍ਹ ਨੇ ਵੀ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਆਸ਼ਰਮ ਦੇ ਮੈਨੇਜਰ ਮੁਖਤਿਆਰ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਸਮੇਂ-ਸਮੇਂ ਤੇ ਰੀਤ ਪ੍ਰੀਤ ਪਾਲ ਸਿੰਘ ਅਤੇ ਉਹਨਾਂ ਦੀ ਟੀਮ ਆਸ਼ਰਮ ਦੀ ਸੇਵਾ ਕਰਦੇ ਰਹੇ ਹਨ ਜਿਸਦੇ ਲਈ ਉਹ ਤਹਿ ਦਿਲੋਂ ਸੁਸਾਇਟੀ ਦੇ ਸਮੂਹ ਸਹਿਯੋਗੀਆਂ ਤੇ ਪਤਵੰਤਿਆਂ ਦੇ ਧੰਨਵਾਦੀ ਹਨ। ਸੁਸਾਇਟੀ ਦੇ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰੋਜੈਕਟ ਵਿਸਾਖੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਕਰਕੇ ਕੀਤਾ ਗਿਆ ਹੈ। ਜਿਸ ਵਿਚ ਪ੍ਰਵਾਸੀ ਭਾਰਤੀ ਰਾਜਵਿੰਦਰ ਸਿੰਘ ਗਰੀਸ, ਬਲਵਿੰਦਰ ਸਿੰਘ ਜੇ.ਈ. ਪਲਾਹੀ ਅਤੇ ਐਨ.ਆਰ.ਆਈ. ਜਰਨੈਲ ਸਿੰਘ ਭੰਵਰਾ ਤੋਂ ਇਲਾਵਾ ਗਿਆਨ ਚੰਦ ਚੌਕੜੀਆ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਆਸ਼ਰਮ ਵਲੋਂ ਵਿਜੇ ਸਾਂਪਲਾ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਵਿਚ ਕੇਂਦਰ ਸਰਕਾਰ ਤੋਂ ਗੁਜਾਰਿਸ਼ ਕੀਤੀ ਗਈ ਕਿ ਆਸ਼ਰਮ ਦੇ ਆਸ਼ਿ੍ਰਤਾਂ ਪਾਸ ਅਧਾਰ ਕਾਰਡ ਤਾਂ ਹਨ ਪਰ ਸਾਰਿਆਂ ਕੋਲ ਪਾਸਪੋਰਟ ਨਹੀਂ ਹੈ, ਇਸ ਲਈ ਕੇਂਦਰ ਸਰਕਾਰ ਆਪਣੇ ਤੌਰ ਤੇ ਉਪਰਾਲਾ ਕਰਦੇ ਹੋਏ ਸਮੂਹ ਆਸ਼ਿ੍ਰਤਾਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਪ੍ਰਬੰਧ ਕਰੇ। ਵਿਜੇ ਸਾਂਪਲਾ ਨੇ ਭਰੋਸਾ ਦਿੱਤਾ ਕਿ ਉਹ ਆਸ਼ਰਮ ਦੇ ਪ੍ਰਬੰਧਕਾਂ ਦੀ ਇਸ ਭਾਵਨਾ ਨੂੰ ਕੇਂਦਰ ਦੀ ਮੋਦੀ ਸਰਕਾਰ ਤੱਕ ਜਰੂਰ ਪਹੁੰਚਾਉਣਗੇ। ਸ਼ੇਰ-ਏ-ਪੰਜਾਬ ਸੁਸਾਇਟੀ ਅਤੇ ਆਸ਼ਰਮ ਵਲੋਂ ਸ੍ਰੀ ਵਿਜੇ ਸਾਂਪਲਾ ਅਤੇ ਹੋਰਨਾਂ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਸਤਪ੍ਰਕਾਸ਼ ਸਿੰਘ ਸੱਗੂ ਨੇ ਨਿਭਾਈ। ਇਸ ਮੌਕੇ ਪੂਜਾ ਸਾਹਨੀ, ਅਮਰੀਕ ਸਿੰਘ ਖੁਰਮਪੁਰ, ਮਨੋਜ ਕੁਮਾਰ, ਅਨੀਕੇਤ ਭਗਤ, ਬੰਟੀ ਸਾਂਪਲਾ ਅਤੇ ਆਦਿ ਵੀ ਹਾਜਰ ਸਨ।