ਚੰਡੀਗੜ੍ਹ: 15 ਫਰਵਰੀ : ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਨੇ ਆਪਣਾ ਚੋਣ ਮਨੋਰਥ ਪੱਤਰ ਰਿਲੀਜ਼ ਕੀਤਾ ਜਿਸ ਵਿਚ ਲਾਮਿਸਾਲ ਤੇ ਦਲੇਰਾਨਾ ਪਹਿਲਕਦਮੀਆਂ ਸ਼ਾਮਲ ਹਨ ਜਿਹਨਾਂ ਰਾਹੀਂ ਹਰ ਘਰ ਲਈ ਸੋਲਰ ਐਨਰਜੀ ਦੀ ਵਰਤੋਂ ਰਾਹੀਂ ਜ਼ੀਰੋ ਬਿੱਲ, ਕਿਤੇ ਵੀ ਉਚੇਰੀ ਸਿੱਖਿਆ ਹਾਸਲ ਕਰਨ ਵਾਸਤੇ 10 ਲੱਖ ਰੁਪਏ ਦਾ ਸਟੂਡੈਂਟ ਕਾਰਡ, ਸਾਰੇ ਪੰਜਾਬੀਆਂ ਲਈ 10 ਲੱਖ ਰੁਪਏ ਦਾ ਸਾਲਾਨਾ ਸਿਹਤ ਬੀਮਾ, ਨੀਲਾ ਕਾਰਡ ਧਾਰਕ ਪਰਿਵਾਰ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੁੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਸਹਾਇਤਾ, ਬੇਘਰੇ ਗਰੀਬ ਲੋਕਾਂ ਲਈ ਪੰਜ ਪੰਜ ਮਰਲੇ ਦੇ ਪਲਾਟ ਤੇ ਪੰਜ ਲੱਖ ਪੱਕੇ ਮਕਾਨ, ਬੁਢਾਪਾ ਪੈਨਸ਼ਨ 3100 ਰੁਪਏ ਕਰਨਾ ਅਤੇ ਸ਼ਗਨ ਸਕੀਮ ਤਹਿਤ ਰਾਸ਼ੀ 75000 ਰੁਪਏ ਪ੍ਰਦਾਨ ਕਰਨਾ ਸ਼ਾਮਲ ਹੈ। ਇਸ ਚੋਣ ਮਨੋਰਥ ਪੱਤਰ ਵਿਚ ਨੌਜਵਾਨਾਂ ਖਾਸ ਤੌਰ ’ਤੇ ਮਹਿਲਾਵਾਂ ਨੂੰ ਆਪਣੇ ਉਦਮ ਸ਼ੁਰੂ ਕਰਨ ਵਾਸਤੇ 5 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕਰਨਾ ਸ਼ਾਮਲ ਹੈ।ਇਥੈ ਪਾਰਟੀ ਦੇ ਮੁੱਖ ਦਫਤਰ ਵਿਚ ਇਹ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਨੁੰ ਅੱਗੇ ਦਲੇਰ ਨਵੇਂ ਯੁੱਗ ਵਿਚ ਲਿਜਾਣ ਲਈ ਅਸੀਂ ਬਹੁਤ ਲੋੜੀਂਆਂ ਸਮਾਜ ਭਲਾਈ ਸਕੀਮਾਂ ’ਤੇ ਜ਼ੋਰ ਦਿੱਤਾ ਹੈ ਜਿਸ ਤਹਿਤ ਸਭ ਦੀ ਨਿਰੰਰਤ ਤਰੱਕੀ ਅਤੇ ਵਿਕਾਸ ’ਤੇ ਧਿਆਨ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਆਪਣੇ ਸਮਾਜ ਦੇ ਹਰ ਖੇਤਰ ਦੇ ਲੋਕਾਂ ਦੀ ਜ਼ਿੰਦਗੀ ਵਿਚ ਲਾਮਿਸਾਲ ਤਬਦੀਲੀ ਲਿਆਵਾਂਗੇ। ਅਸੀਂ ਆਪਣੇ ਕਿਸਾਨਾਂ ਦੀ ਸਮਰਥਾ ਦੀ ਵਪਾਰਕ ਪੱਧਰ ’ਤੇ ਵਰਤੋਂ ਕਰਾਂਗੇ ਜਿਸ ਵਾਸਤੇ ਸਰਕਾਰੀ ਸਹਾਇਤਾ ਨਾਲ ਖੇਤੀਬਾੜੀ ਵਿਚ ਕ੍ਰਾਂਤੀ ਲਿਆਵਾਂਗੇ। ਅਸੀਂ ਮੱਕੀ ਤੋਂ ਈਥਾਨੋਲ ਬਣਾਉਣ ਵਾਸਤੇ ਇਕਾਈਆਂ ਦਾ ਨੈਟਵਰਕ ਸਥਾਪਿਤ ਕਰਨ ਵਰਗੀਆਂ ਨਿਵੇਕਲੀਆਂ ਪਹਿਲਕਦਮੀਆਂ ਕਰਾਂਗੇ।ਚੋਣ ਮਨੋਰਥ ਪੱਤਰ ਵਿਚ ਬਹੁਤ ਹੀ ਲਾਹੇਵੰਦ ਜਲ ਆਧਾਰਿਤ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ ਜਿਸ ਤਹਿਤ ਨਾ ਕਿਸੇ ਖਾਦ ਦੀ ਜ਼ਰੂਰਤ ਹੈ, ਨਾ ਕਿਸੇ ਦਵਾਈ ਦੀ ਅਤੇ ਸਿੰਜਾਈ ਦੇ ਪਾਣੀ ਦੀ 90 ਫੀਸਦੀ ਬੱਚਤ ਹੋਵੇਗੀ ਤੇ ਇਸ ਵਾਸਤੇ ਟਰੈਕਟਰ ਵਰਗੀ ਮਹਿੰਗੀ ਮਸ਼ੀਨਰੀ ਦੀ ਜ਼ਰੂਰਤ ਨਹੀਂ ਹੈ ਤੇ ਨਾ ਹੀ ਇਸ ਵਿਚ ਪਰਾਲੀ ਹੀ ਬਚੇਗੀ।ਸਰਦਾਰ ਬਾਦਲ ਤੇ ਬੈਨੀਵਾਲ ਨੇ ਦੱਸਿਆ ਕਿ ਨਵੇਂ ਪ੍ਰੋਫੈਸ਼ਨਲ ਮੌਕਿਆਂ ਨੂੰ ਖੋਲ੍ਹਦਿਆਂ ਚੋਣ ਮਨੋਰਥ ਪੱਤਰ ਵਿਚ ਕਈ ਵਾਅਦੇ ਕੀਤੇ ਗਏ ਹਨ। ਅਕਾਲੀ ਦਲ ਫਲਾਇੰਗ ਅਕੈਡਮੀਆਂ ਸ਼ੁਰੂ ਕਰੇਗਾ ਜਿਸ ਵਿਚ ਪਾਇਲਿਟਾਂ ਨੂੰ, ਫਲਾਇਟ ਇੰਜੀਨੀਅਰਜ਼ ਨੁੰ ਅਤੇ ਕੇਬਿਨ ਕ੍ਰਿਊ ਨੁੰ ਸਿਖਲਾਈ ਸਿਰਫ ਲਾਗਤ ਅਨੁਸਾਰ ਫੀਸ ਆਧਾਰ ’ਤੇ ਦਿੱਤੀ ਜਾਵੇਗੀ ਜਿਸ ਨਾਲ ਸਾਡੇ ਨੌਜਵਾਨਾਂ ਦੀ ਲੱਖਾਂ ਰੁਪਏ ਦੀ ਹੁੰਦੀ ਲੁੱਟ ਤੋਂ ਬਚਾਅ ਹੋ ਜਾਵੇਗਾ।ਸਿਆਸੀ ਤੇ ਸਮਾਜਿਕ ਮੁਹਾਜ਼ ’ਤੇ ਸ੍ਰੀ ਬਾਦਲ ਤੇ ਰਣਧੀਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਗਠਜੋੜ ਕਿਸੇ ਵੀ ਤਰੱਕੀ ਲਈ ਬੁਨਿਆਦੀ ਲੋੜ ਸ਼ਾਂਤੀ ਤੇ ਫਿਰਕੂ ਸਦਭਾਵਨਾ ਪ੍ਰਤੀ ਦ੍ਰਿੜ੍ਹ ਸੰਕਲਪ ਹੈ।ਦੋਹਾਂ ਆਗੂਆਂ ਨੇ ਕਿਹਾ ਕਿ ਗਠਜੋੜ ਦੇਸ਼ ਵਿਚ ਸਹੀ ਸੰਘੀ ਢਾਂਚੇ ਦੇ ਵਿਚਾਰ ਪ੍ਰਤੀ ਦ੍ਰਿੜ੍ਹ ਸੰਕਲਪ ਹੈ ਅਤੇ ਇਹ ਦਰਿਆਈ ਪਾਣੀਆਂ, ਖੇਤਰੀ, ਸਿਆਸੀ ਤੇ ਧਾਰਮਿਕ ਮਾਮਲਿਆਂ ਵਿਚ ਰਾਜਾਂ ਲਈ ਨਿਆਂ ਹਾਸਲ ਕਰਨ ਵਾਸਤੇ ਸੰਘਰਸ਼ ਕਰਦਾ ਰਹੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਮਜ਼ਬੂਤ ਪੰਥਕ ਕਦਰਾਂ ਕੀਮਤਾਂ ਦਾ ਪ੍ਰਤੀਕ ਹੈ ਜਿਸਦੀ ਧਰਮ ਨਿਰਪੱਖ ਤੇ ਮਨੁੱਖਤਾ ਵਾਲੀ ਸੋਚ ਸਾਡੇ ਮਹਾਨ ਗੁਰੂ ਸਾਹਿਬਾਨ, ਸੰਤਾਂ ਤੇ ਪੀਰਾਂ ਫਰੀਕਾਂ ਵੱਲੋਂ ਦਰਸਾਏ ਰਾਹ ਅਨੁਸਾਰ ਹੈ ਤੇ ਅਸੀਂ ਗਰੀਬਾਂ ਤੇ ਦਬੇ ਕੁਚਲਿਆਂ ਦੀ ਆਵਾਜ਼ ਬਣੇ ਰਹਾਂਗੇ।ਹੋਰ ਗੱਲਾਂ ਤੋਂ ਇਲਾਵਾ ਵਿਰਾਸਤੀ ਪੱਖ ਦੇ ਮਾਮਲੇ ਵਿਚ ਅਕਾਲੀ ਦਲ ਤੇ ਬਸਪਾ ਸਰਕਾਰ ਇਕ ਵਿਸ਼ਵ ਪੱਧਰ ਦੀ ਵਿਰਾਸਤੀ ਯਾਦਗਾਰ ਬਣਾਏਗੀ ਜੋ ਚਾਰ ਸਾਹਿਬਜ਼ਾਦਿਆਂ ਦੀ ਗੈਰ ਸਾਧਾਰਣ ਸ਼ਹਾਦਤ ਦੀ ਯਾਦਗਾਰ ਹੋਵੇਗੀ।Êਪੰਜਾਬ ਪੰਜਾਬੀਆਂ ਲਈ ਦੀ ਵਕਾਲਤ ਕਰਦਿਆਂ ਚੋਣ ਮਨੋਰਥ ਪੱਤਰ ਵਿਚ ਪੰਜਾਬ ਵਿਚ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਵਿਚ ਪੰਜਾਬੀਆਂ ਲਈ 75 ਫੀਸਦੀ ਰਾਖਵੇਂਰਕਨ ਦਾ ਐਲਾਨ ਕੀਤਾ ਗਿਆ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਸਿਹਤ ਸੰਭਾਲ ਅਤੇ ਸਿੱਖਿਆ ਦੇ ਨਾਲ ਸਮਾਜ ਭਲਾਈ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।ਚੋਣ ਮਨੋਰਥ ਪੱਤਰ ਵਿਚ ਸਿੱਖਿਆ ਖੇਤਰ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਦਾ ਵਾਅਦਾ ਕੀਤਾ ਗਿਆ। ਦੋਹਾਂ ਆਗੂਆਂ ਨੇ ਕਿਹਾ ਕਿ ਅਸੀਂ ਹਰ ਬਲਾਕ ਵਿਚ 5000 ਵਿਦਿਆਰਥੀਆਂ ਲਈ ਅਤਿ ਆਧੁਨਿਕ ਸਹੂਲਤਾਂ ਤੇ ਮੁਕੰਮਲ ਸਟਾਫ ਵਾਲੇ ਪ੍ਰੋਫੈਸ਼ਨਲ ਤਰੀਕੇ ਨਾਲ ਚਲਾਏ ਜਾਣ ਵਾਲੇ ਸਕੂਲ ਖੋਲ੍ਹਾਂਗੇ। ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਮੈਡੀਕਲ ਜਾਂ ਇੰਜੀਨੀਅਰਿੰਗ ਸਮੇਤ ਸਾਰੀਆਂ ਵਿਦਿਅਕ ਤੇ ਪ੍ਰੋਫੈਸ਼ਨਲ ਸੰਸਥਾਵਾਂ ਵਿਚ 33 ਫੀਸਦੀ ਸੀਟਾਂ ਰਾਖਵੀਂਆਂ ਹੋਣਗੀਆਂ।ਖੇਤੀਬਾੜੀ ਮੁਹਾਜ਼ ’ਤੇ ਚੋਣ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਗਿਆ ਤੇ ਛੋਟੇ, ਦਰਮਿਆਨ ਤੇ ਮੱਧਮ ਕਿਸਾਨਾਂ ਲਈ ਕੰਟੀਬਿਊਟਰੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ ਅਤੇ 100 ਕਰੋੜ ਰੁਪਏ ਦੀ ਲਾਗਤ ਨਾਲ ਫਾਰਮ ਇਨਪੁਟ ਪ੍ਰਾਈਸ ਸਟੈਬਲਾਈਜ਼ਰ ਫੰਡ ਸਥਾਪਿਤ ਕੀਤਾ ਜਾਵੇਗਾ। ਕਿਸਾਨਾਂ ਲਈ ਪ੍ਰਤੀ ਏਕੜ 50 ਹਜ਼ਾਰ ਰੁਪਏ ਦੀ ਫਸਲੀ ਬੀਮਾ ਸਕੀਮ ਸ਼ੁਰੂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਖੇਤੀਬਾੜੀ ਮੰਤਵਾਂ ਲਈ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ ਦਿੱਤਾ ਜਾਵੇਗਾ। ਇਕ ਹੋਰ ਕ੍ਰਾਂਤੀਕਾਰੀ ਪਹਿਲਕਦਮੀ ਵਿਚ ਚੋਣ ਮਨੋਰਥ ਪੱਤਰ ਵਿਚ ਫਲਾਂ, ਸਬਜ਼ੀਆਂ ਤੇ ਦੁੱਧ ਲਈ ਘਟੋ ਘੱਟ ਸਮਰਥਨ ਮੁੱਲ ਯਾਨੀ ਐਮ ਐਸ ਪੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਹਰ ਕਿਸਾਨ ਅਤੇ ਖੇਤੀਬਾੜੀ ਮਜ਼ਦੂਰ ਦਾ 10 ਲੱਖ ਰੁਪਏ ਦਾ ਸਿਹਤ ਬੀਮਾ ਕਰਵਾਇਆ ਜਾਵੇਗਾ।ਚੋਣ ਮਨੋਰਥ ਪੱਤਰ ਦੀਆਂ ਹੋਰ ਖਾਸ ਗੱਲਾਂ ਬਾਰੇ ਚਰਚਾ ਕਰਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ਸਾਡੀ ਸਰਕਾਰ ਡਿਜੀਟਲ ਗਵਰਨੈਂਸ ਰਾਹੀਂ ਨਵੀਂ ਪਹੁੰਚ ਅਪਣਾ ਕੇ ਭ੍ਰਿਸ਼ਟਾਚਾਰ ਤੇ ਹੋਰ ਬੁਰਾਈਆਂ ਦਾ ਖਾਤਮਾ ਕਰੇਗੀ। ਉਹਨਾਂ ਕਿਹਾ ਕਿ ਅਸੀਂ ਨਾਗਰਿਕਾਂ ’ਤੇ ਵਿਸ਼ਵਾਸ ਕਰਾਂਗੇ ਅਤੇ ਉਸਾਰੀਆਂ ਲਈ ਨਕਸ਼ੇ ਤੇ ਹੋਰ ਕਲੀਅਰੰਸ ਲਈ ਵਿਭਾਗੀ ਪ੍ਰਵਾਨਗੀਆਂ ਦੀ ਲੋੜ ਖਤਮ ਕਰਾਂਗੇ। ਸਰਕਾਰ ਇਹਨਾਂ ਮਾਮਲਿਆਂ ਵਿਚ ਨਾਗਰਿਕਾਂ ਦੇ ਦਾਅਵੇ ਨੁੰ ਉਹਨਾਂ ਦੀ ਫੇਸ ਵੈਲਯੂ ’ਤੇ ਪ੍ਰਵਾਨ ਕਰੇਗੀ ਤੇ ਗਲਤ ਜਾਣਕਾਰੀ ਦੇਣ ਦੀ ਜ਼ਿੰਮੇਵਾਰੀ ਝੂਠਾ ਦਾਅਵਾ ਕਰਨ ਵਾਲੇ ਵਿਅਕਤੀ ਦੀ ਹੋਵੇਗੀ।ਚੋਣ ਮਨੋਰਥ ਪੱਤਰ ਵਿਚ ਪ੍ਰਸ਼ਾਸਨ ਨੁੰ ਡਿਜੀਟਲ ਬਣਾ ਕੇ ਇਸਨੁੰ ਪਾਰਦਰਸ਼ੀ ਤੇ ਜਵਾਬਦੇਹ ਬਣਾਉਣ ਲਈ ਪ੍ਰੁਮੱਖ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ। ਲੋਕਾਂ ਨੂੰ ਸਹੂਲਤਾਂ ਉਹਨਾਂ ਦੇ ਕੋਲ ਮਿਲਣੀਆਂ ਚਾਹੀਦੀਆਂ ਹਨ ਤੇ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਗੇੜੇ ਮਾਰਨ ਦੀ ਕੋਈ ਜ਼ਰੂਰਤ ਨਹੀਂ ਹੈ। ਸਰਕਾਰੀ ਅਫਸਰਾਂ ਤੇ ਅਧਿਕਾਰੀਆਂ ਦੀ ਵਾਧੂ ਭੂਮਿਕਾ ਹੁਣ ਬੀਤੇ ਸਮੇਂ ਦੀ ਗੱਲ ਰਹਿ ਜਾਵੇਗੀ ਤੇ ਇਸ ਲਈ ਡਿਜੀਟਲ ਪ੍ਰਸ਼ਾਸਨ ਦਾ ਰਾਹ ਅਪਣਾਇਆ ਜਾਵੇਗਾ ਤੇ ਭ੍ਰਿਸ਼ਟ ਦੇ ਮੌਕੇ ਹੀ ਖਤਮ ਕਰ ਦਿੱਤੇ ਜਾਣਗੇ। ਦੋਹਾਂ ਆਗੂਆਂ ਨੇ ਕਿਹਾ ਕਿ ਸ਼ਰਾਬ ਤੇ ਰੇਤ ਦੀ ਵਿਕਰੀ ਲਈ ਨਿਗਮ ਬਣਾਏ ਜਾਣਗੇ ਤੇ ਇਸ ਲਈ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਨੁੰ ਕੰਮ ਦੇ ਮੌਕੇ ਦਿੱਤੇ ਜਾਣਗੇ।ਦਿਹਾਤੀ ਵਿਕਾਸ ਬਾਰੇ ਗੱਲ ਕਰਦਿਆਂ ਚੋਣ ਮਨੋਰਥ ਪੱਤਰ ਵਿਚ ਕਿਹਾ ਗਿਆ ਕਿ ਸਾਰੇ 12500 ਪਿੰਡਾਂ ਨੁੰ ਅੰਡਰ ਗਰਾਉਂਡ ਸੀਵਰੇਜ ਤੇ ਜਲ ਸਪਲਾਈ ਸਹੂਲਤ ਸ਼ਹਿਰਾਂ ਦੇ ਤਰਜ ’ਤੇ ਦਿੱਤੀ ਜਾਵੇਗੀ। ਇਸੇ ਤਰੀਕੇ ਮੌਜੂਦਾ ਗਲੀਆਂ ਦੀ ਥਾਂ ’ਤੇ ਕੰਕ੍ਰੀਟ ਦੀਆਂ ਗਲੀਆਂ ਬਣਾਈਆਂ ਜਾਣਗੀਆਂ ਤੇ ਪਿੰਡਾਂ ਵਿਚ ਐਲ ਈ ਡੀ ਲਾਈਟਾਂ ਲਗਵਾਈਆਂ ਜਾਣਗੀਆਂ। ਸਰਕਾਰ ਹਰ ਪਿੰਡ ਵਿਚ ਹੱਡਾ ਰੋੜੀ ਤੇ ਕਚਰੇ ਦੇ ਪ੍ਰਬੰਧਨ ਵਾਸਤੇ ਜ਼ਮੀਨ ਖਰੀਦੇਗੀ ਤੇ ਵਿਗਿਆਨਕ ਢੰਗ ਨਾਲ ਇਹਨਾਂ ਦਾ ਨਿਪਟਾਰਾ ਕਰੇਗੀ।