ਫਗਵਾੜਾ 23 ਅਪ੍ਰੈਲ (ਸ਼਼ਿਵ ਕੋੋੜਾ)ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਪ੍ਰਧਾਨ ਸੌਰਵ ਖੁੱਲਰ ਨੇ ਤਰਨਤਾਰਨ ਦੇ ਪਿੰਡ ਚੰਬਲ ਵਿਖੇ ਬੀਤੇ ਦਿਨ ਐਸ.ਟੀ.ਐਫ. ਸੰਗਰੂਰ ਵਲੋਂ ਇਸਤਰੀ ਅਕਾਲੀ ਦਲ ਦੀ ਆਗੂ ਦੇ ਘਰ ਛਾਪਾਮਾਰੀ ਦੌਰਾਨ ਇਕ ਕਿਲੋ ਹੈਰੋਇਨ ਬਰਾਮਦ ਕਰਨ ਦੇ ਮਾਮਲੇ ਨੂੰ ਗੰਭੀਰ ਦੱਸਦੇ ਹੋਏ ਕਿਹਾ ਕਿ ਸੱਤਾ ਚਲੀ ਜਾਣ ਦੇ ਬਾਵਜੂਦ ਅਕਾਲੀ ਨਸ਼ਾ ਵੇਚਣ ਤੋਂ ਬਾਜ ਨਹੀਂ ਆ ਰਹੇ। ਉਹਨਾਂ ਇਸਤਰੀ ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸਿੱਧੇ ਟਾਰਗੇਟ ਤੇ ਲੈਂਦਿਆਂ ਕਿਹਾ ਕਿ ਉਹਨਾਂ ਦੀ ਜੁਬਾਨ ਇਸ ਗੰਭੀਰ ਮਾਮਲੇ ਨੂੰ ਲੈ ਕੇ ਖਾਮੋਸ਼ ਕਿਉਂ ਹੈ। ਸੌਰਵ ਖੁੱਲਰ ਨੇ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਅਕਾਲੀ-ਭਾਜਪਾ ਗਠਜੋੜ ਦੇ ਰਾਜ ਵਿਚ ਪੰਜਾਬ ਚਿੱਟੇ ਵਰਗੇ ਮਾਰੂ ਨਸ਼ੇ ਦੀ ਮੰਡੀ ਬਣਿਆ ਅਤੇ ਹਜਾਰਾਂ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਕੇ ਮੌਤ ਦਾ ਸ਼ਿਕਾਰ ਬਣੇ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ ਗੁਟਕਾ ਸਾਹਿਬ ਦੀ ਸੋਂਹ ਚੁੱਕ ਕੇ ਜਨਤਾ ਨੂੰ ਵਿਸ਼ਵਾਸ ਦੁਆਉਣਾ ਪਿਆ ਕਿ ਕਾਂਗਰਸ ਪਾਰਟੀ ਦੀ ਸੱਤਾ ਆਉਣ ਤੇ ਸੂਬੇ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ ਅਤੇ ਮੁੱਖਮੰਤਰੀ ਵਜੋਂ ਸੂਬੇ ਦੀ ਕਮਾਨ ਸੰਭਾਲਣ ਤੋਂ ਬਾਅਦ ਕੈਪਟਨ ਸਰਕਾਰ ਨੇ ਪੁਲਿਸ ਨੂੰ ਨਸ਼ਿਆਂ ਦੇ ਖਾਤਮੇ ਲਈ ਫਰੀ ਹੈਂਡ ਵੀ ਦਿੱਤਾ ਜਿਸਦੀ ਬਦੌਲਤ ਅੱਜ ਕਾਫੀ ਹੱਦ ਤਕ ਡਰੱਗ ਮਾਫੀਆ ਤੋਂ ਪੰਜਾਬ ਮੁਕਤ ਹੋ ਚੁੱਕਾ ਹੈ ਲੇਕਿਨ ਨਸ਼ੇ ਦੇ ਪੂਰੇ ਖਾਤਮੇ ਦੇ ਰਸਤੇ ਵਿਚ ਸੱਤਾ ਤੋਂ ਬਾਹਰ ਹੋਣ ਦੇ ਬਾਵਜੂਦ ਅਕਾਲੀ ਸਭ ਤੋਂ ਵੱਡੀ ਰੁਕਾਵਟ ਬਣੇ ਹੋਏ ਹਨ। ਉਹਨਾਂ ਇਸਤਰੀ ਅਕਾਲੀ ਦਲ ਦੀ ਰਸੂਖਦਾਰ ਮਹਿਲਾ ਆਗੂ ਨੂੰ ਗਿਰਫਤਾਰ ਕਰਨ ਲਈ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਟੀਮ ਦੀ ਸ਼ਲਾਘਾ ਵੀ ਕੀਤੀ।