ਚੰਡੀਗੜ੍ਹ : ਨਹੁੰ ਮਾਸ ਦੇ ਭਾਗੀਦਾਰ ਆਹਮੋ ਸਾਹਮਣੇ ਡਟ ਗਏ ਹਨ। ਖ਼ੇਤੀ ਬਿੱਲਾਂ ਤੇ ਭਾਜਪਾ ਅਤੇ ਅਕਾਲੀ ਦਲ ਦਾ ਨਿਖ਼ੇੜਾ ਤੈਅ ਜਿਹਾ ਜਾਪਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵਿਰੋਧ ਦੇ ਬਾਵਜੂਦ ਅੜ ਕੇ ਪਾਸ ਕਰਵਾਏ ਖ਼ੇਤੀ ਬਿੱਲਾਂ ਦੇ ਵਿਰੋਧ ਦੀ ਸਿਆਸੀ ਲੜਾਈ ਵਿੱਚ ਪੱਛੜ ਗਿਆ ਅਕਾਲੀ ਦਲ ਹੁਣ ਛੜੱਪੇ ਮਾਰ ਕੇ ਅਗਾਂਹ ਲੰਘਣ ਦੀ ਦੌੜ ਵਿੱਚ ਹੈ। ਕਿਸਾਨੀ ਵਿੱਚ ਆਪਣੀ ਭੱਲ ਨੂੰ ਮੁੜ ਕਾਇਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਹੁਣ ਭਾਜਪਾ ਦੇ ਸਾਹਮਣੇ ‘ਵਿਰੋਧੀ ਧਿਰ’ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਅਕਾਲੀ ਦਲ ਦੇ ਸੰਘਰਸ਼ ਦਾ ਮੁੱਢ ਬੰਨ੍ਹਣ ਲਈ ਅੱਜ ਪਾਰਟੀ ਨੇ ਹੁਣ ਕਈ ਅਹਿਮ ਪ੍ਰੋਗਰਾਮ ਉਲੀਕੇ ਹਨ। ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਡਾ: ਦਲਜੀਤ ਸਿੰਘ ਚੀਮਾ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿਹਾੜੇ ਤਿੰਨ ਘੰਟੇ ਲਈ ਪੰਜਾਬ ਭਰ ਵਿੱਚ ਚੱਕਾ ਜਾਮ ਕਰੇਗਾ। ਡਾ:ਚੀਮਾ ਅਨੁਸਾਰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤਕ ਚੱਕਾ ਜਾਮ ਕੀਤਾ ਜਾਵੇਗਾ। ਇਸ ਤੋਂ ਇਲਾਵਾ 26 ਸਤੰਬਰ ਤੋਂ 29 ਸਤੰਬਰ ਤਕ ਪਾਰਟੀ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਰਾਜ ਦੇ ਸਾਰੇ ਜ਼ਿਲਿ੍ਹਆਂ ਦਾ ਦੌਰਾ ਕਰਕੇ ਲੋਕਾਂ ਨੂੰ ਉਨ੍ਹਾਂ ਖ਼ੇਤੀ ਬਿੱਲਾਂ ਦੀਆਂ ਖ਼ਾਮੀਆਂ ਬਾਰੇ ਦੱਸਣਗੇ ਜਿਨ੍ਹਾਂ ਦੀ ਅਕਾਲੀ ਦਲ ਪਹਿਲਾਂ ਤਿੰਨ ਮਹੀਨੇ ਵਕਾਲਤ ਕਰਦਾ ਰਿਹਾ ਹੈ। ਪਹਿਲੀ ਅਕਤੂਬਰ ਲਈ ਇਕ ਹੋਰ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਹੈ। ਅਕਾਲੀ ਦਲ ਦੇ ਆਗੂ, ਵਰਕਰ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਪੰਜਾਬ ਅੰਦਰਲੇ ਤਿੰਨਾਂ ਤਖ਼ਤ ਸਾਹਿਬਾਨਾਂ ’ਤੇ ਇਕੱਤਰ ਹੋ ਕੇ ਅਰਦਾਸ ਕਰਨਉਪਰੰਤ ਮੋਹਾਲੀ ਵੱਲ ਕੂਚ ਕਰਨਗੇ ਜਿੱਥੇ ਦੁਸਹਿਰਾ ਗਰਾਊਂਡ ਵਿੱਚ ਇਕ ਵਿਸ਼ਾਲ ਰੈਲੀ ਕੀਤੀ ਜਾਵੇਗੀ।