ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਆਪਣੀ ਭਾਈਵਾਲ ਪਾਰਟੀ ਭਾਜਪਾ ਦੇ ਖ਼ਿਲਾਫ਼ ਸੂਬੇ ਭਰ ‘ਚ ਧਰਨੇ ਦੇਣ ਜਾ ਰਹੀ ਹੈ। ਅਨੰਦਪੁਰ ਸਾਹਿਬ ਤੋਂ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਦੇ ਖ਼ਿਲਾਫ਼ ਅਕਾਲੀ ਦਲ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਜਾ ਰਿਹਾ ਅਤੇ ਮੰਗ ਕਰ ਰਿਹਾ ਕਿ ਤੇਲ ਦੀਆਂ ਕੀਮਤਾਂ ਨੂੰ ਘਟਾਇਆ ਜਾਵੇ ਕਿਉਂਕਿ ਅੰਤਰਰਾਸ਼ਟਰੀ ਮਾਰਕੀਟ ‘ਚ ਤੇਲ ਦੇ ਬੈਰਲ ਦਾ ਰੇਟ ਬਹੁਤ ਘੱਟ ਹੈ। ਉੱਥੇ ਹੀ ਪੰਜਾਬ ਦੇ ‘ਚ ਇਹ ਰੇਟ ਬਹੁਤ ਜ਼ਿਆਦਾ ਹੈ। ਸ਼੍ਰੋਮਣੀ ਅਕਾਲੀ ਦਲ ਇਹ ਧਰਨਾ 7 ਜੁਲਾਈ ਨੂੰ ਸੂਬੇ ‘ਚ ਦੇਵੇਗਾ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੂਬਾ ਸਰਕਾਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਹਨ ਉਨ੍ਹਾਂ ਦੇ ਕਾਰਡ ਦੁਬਾਰਾ ਨਹੀਂ ਬਣਾਏ ਗਏ ਜਿਸ ਦੇ ਖ਼ਿਲਾਫ਼ ਅਕਾਲੀ ਦਲ ਪ੍ਰਦਰਸ਼ਨ ਕਰੇਗਾ।