ਅੰਮ੍ਰਿਤਸਰ ,21 ਅਗਸਤ ( )- ਅੰਮ੍ਰਿਤਸਰ ਜ਼ਿਲ੍ਹੇ ਅੰਦਰ ਜਿਲ੍ਹਾ ਸਿੱਖਿਆ ਦਫ਼ਤਰ ਦੀ ਵੱਡੀ ਨਲਾਇਕੀ ਕਾਰਨ ਪਿਛਲੇ ਲੰਮੇ ਸਮੇਂ ਤੋਂ ਹੈੱਡਟੀਚਰ ਅਤੇ ਸੈੰਟਰ ਹੈੱਡਟੀਚਰ ਪ੍ਰਮੋਸ਼ਨਾਂ ਕਰਨ ‘ਚ ਜਾਣ ਬੁੱਝ ਕੇ ਕੀਤੀ ਜਾ ਰਹੀ ਬੇਲੋੜੀ ਦੇਰੀ ਕਾਰਨ ਪੰਜਾਬ ਦੀ ਸਿਰਮੌਰ ਜਥੇਬੰਦੀ ਐਲੀਮੈਟਰੀ ਟੀਚਰਜ਼ ਯੂਨੀਅਨ (ਰਜਿ.) ਵੱਲੋੰ ਜ਼ਿਲ੍ਹਾ ਸਿੱਖਿਆ ਦਫ਼ਤਰ (ਐਲੀਮੈਂਟਰੀ) ਖ਼ਿਲਾਫ਼ ਵਰਦੇ ਮੀਂਹ ‘ਚ ਜ਼ਬਰਦਸਤ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਤਹਿਸੀਲ ਪੱਧਰੀ ਇਸ ਰੋਸ ਮੁਜ਼ਾਹਰੇ ਦੌਰਾਨ ਅੰਮ੍ਰਿਤਸਰ ਦੇ ਵੱਖ-ਵੱਖ ਬਲਾਕਾਂ ਨਾਲ ਸਬੰਧਿਤ ਸਿੱਖਿਆ ਬਲਾਕਾਂ ਦੇ ਐਲੀਮੈੰਟਰੀ ਅਧਿਆਪਕਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ।ਰੋਸ ਧਰਨੇ ਦੌਰਾਨ ਵੱਡੀ ਤਾਦਾਦ ‘ਚ ਇਕੱਤਰ ਹੋਏ ਐਲੀਮੈਂਟਰੀ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਦਫ਼ਤਰ ਦਾ ਪੂਰੇ ਜੋਸ਼ ਤੇ ਗੁੱਸੇ ‘ਚ ਪਿੱਟ ਸਿਆਪਾ ਕੀਤਾ ਗਿਆ। ਉਪਰੰਤ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਈ.ਟੀ.ਯੂ.ਪੰਜਾਬ (ਰਜਿ:) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ,ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ,ਪ੍ਰਚਾਰ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ,ਸੂਬਾਈ ਆਗੂ ਸੁਧੀਰ ਢੰਡ,ਜਤਿੰਦਰਪਾਲ ਰੰਧਾਵਾ ਨੇ ਜਿਲ੍ਹਾ ਦਫ਼ਤਰ ਦੀ ਵੱਡੀ ਅਣਗਿਹਲੀ ਤੇ ਅਧਿਆਪਕ ਮਾਰੂ ਸੋਚ ਦਾ ਪਰਦਾ ਫਾਸ਼ ਕਰਦਿਆ ਕਿਹਾ ਕਿ ਜਥੇਬੰਦੀ ਵੱਲੋਂ ਸਿੱਖਿਆ ਸਕੱਤਰ ਪੰਜਾਬ ਨਾਲ ਹੋਈ ਮੀਟਿੰਗ ਦੌਰਾਨ ਪਹਿਲੇ ਪੜਾਅ ‘ਚ ਹੀ ਅੰਮ੍ਰਿਤਸਰ ਦੀਆਂ ਪ੍ਰਮੋਸ਼ਨਾ ਕਰਨ ਸਬੰਧੀ ਪੱਤਰ ਜਾਰੀ ਕਰਾਉਣ ਦੇ ਬਾਵਜੂਦ ਵੀ 6 ਮਹੀਨੇ ਬੀਤ ਗਏ ਹਨ ਪਰ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਦਫ਼ਤਰ ਅਮਲੇ ਵੱਲੋ ਆਪਣੀ ਨਲਾਇਕੀ ਤੇ ਪਰਦਾ ਪਾਉਣ ਲਈ ਜਾਣ ਬੁੱਝ ਕੇ ਪ੍ਰਮੋਸ਼ਨਾਂ ਦੇ ਕੰਮ ‘ਚ ਦੇਰੀ ਕੀਤੀ ਜਾ ਰਹੀ ਹੈ। ਅਧਿਆਪਕ ਆਗੂਆਂ ਨੇ ਦੱਸਿਆ ਕਿ ਇਸ ਮਸਲੇ ਸਬੰਧੀ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਨੂੰ ਰੋਸ ਪੱਤਰ ਦੇਣ ਉਪਰੰਤ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ ਜੋ ਆਉਣ ਵਾਲੇ ਸਮੇਂ ‘ਚ ਮਰਨ ਵਰਤ ਦਾ ਰੂਪ ਵੀ ਧਾਰਨ ਕਰ ਸਕਦੀ ਹੈ। ਇਸ ਦੌਰਾਨ ਜਿਲ੍ਹਾ ਸਿੱਖਿਆ ਦਫ਼ਤਰ ਦੀ ਅਤਿ ਢਿੱਲੀ ਕਾਰਜੁਗਾਰੀ ਅਤੇ ਅਧਿਆਪਕ ਮਾਰੂ ਸੋਚ ਸਬੰਧੀ ਸਿੱਖਿਆ ਸਕੱਤਰ ਪੰਜਾਬ ਅਤੇ ਡੀ.ਪੀ. ਆਈ. (ਐਲੀ.) ਪੰਜਾਬ ਨੂੰ ਨੋਡਲ ਅਫਸਰ ਅੰਮ੍ਰਿਤਸਰ ਰਾਹੀਂ ਰੋਸ ਪੱਤਰ ਭੇਜ ਕੇ ਉੱਚ ਅਧਿਕਾਰੀਆਂ ਨੂੰ ਇਸ ਗੰਭੀਰ ਮਸਲੇ ‘ਚ ਤੁਰੰਤ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਵੇਲੇ ਜਿਲ੍ਹੇ ਅੰਦਰ 175 ਦੇ ਕਰੀਬ ਹੈੱਡ ਟੀਚਰਾਂ ਜਦ ਕਿ 25 ਦੇ ਕਰੀਬ ਸੈਂਟਰ ਹੈੱਡ ਟੀਚਰਾਂ ਤੋਂ ਬਗੈਰ ਸਕੂਲ ਚੱਲ ਰਹੇ ਹਨ,ਜਿਸਦਾ ਪ੍ਰਾਇਮਰੀ ਸਿੱਖਿਆ ਅਤੇ ਸਿੱਖਿਆ ਪ੍ਰਬੰਧਾਂ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਿਲ੍ਹਾ ਸਿੱਖਿਆ ਦਫਤਰ ਵੱਲੋਂ ਤੁਰੰਤ ਪ੍ਰਮੋਸ਼ਨਾਂ ਨਾ ਕੀਤੀਆਂ ਗਈਆਂ ਤਾਂ ਈ.ਟੀ.ਯੂ. ਦੇ ਜੁਝਾਰੂ ਆਗੂ ਜ਼ਿਲ੍ਹਾ ਸਿੱਖਿਆ ਅਫਸਰ ਦੇ ਘਰ ਮੂਹਰੇ ਅਧਿਆਪਕ ਦਿਵਸ ਮੌਕੇ ਵੱਡਾ ਰੋਸ ਪ੍ਰਦਰਸ਼ਨ ਕਰ ਕੇ ਉਸ ਨੂੰ ਭਾਜੜਾਂ ਪਾ ਦੇਣਗੇ।ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਜਾਣ ਬੁੱਝ ਕੇ ਸਾਡੀਆ ਪ੍ਰਮੋਸ਼ਨਾਂ ‘ਚ ਅੜਿੱਕਾ ਬਣ ਕੇ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਸਾਨੂੰ ਕਰੋਨਾ ਵਰਗੀ ਮਹਾਂਮਾਰੀ ਦੌਰਾਨ ਵੀ ਮਜ਼ਬੂਰਨ ਸੰਘਰਸ਼ ਵੱਲ ਧਕੇਲ ਰਿਹਾ ਹੈ,ਜਿਸ ਦੀ ਸਮੁੱਚੀ ਜਿੰਮੇਵਾਰੀ ਵਿਭਾਗ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ ਦੀ ਹੋਵੇਗੀ ।
ਇਸ ਮੌਕੇ ਨਵਦੀਪ ਸਿੰਘ,ਪਰਮਬੀਰ ਸਿੰਘ ਰੋਖੇ,ਤੇਜਇੰਦਰਪਾਲ ਸਿੰਘ ਮਾਨ,ਸੁਖਦੇਵ ਵੇਰਕਾ,ਦਿਲਬਾਗ ਸਿੰਘ ਬਾਜਵਾ,ਸੁਖਜਿੰਦਰ ਸਿੰਘ ਹੇਰ,ਗੁਰਪ੍ਰੀਤ ਥਿੰਦ,ਦਲਜੀਤ ਸਿੰਘ,ਰਾਜੀਵ ਕੁਮਾਰ ਵੇਰਕਾ,ਰਪਿੰਦਰ ਰਵੀ,ਗੁਰਮੁੱਖ ਸਿੰਘ ਕੌਲੋਵਾਲ,ਗੁਰਪ੍ਰੀਤ ਵੇਰਕਾ,ਮਨਿੰਦਰ ਸਿੰਘ,ਸੁਖਜੀਤ ਸਿੰਘ ਭਕਨਾ,ਰਜਿੰਦਰ ਰਾਜਾਸਾਂਸੀ,ਗੁਰਲਾਲ ਸੋਹੀ,ਹਰਦਿਆਲ ਸਿੰਘ,ਹਰਚਰਨ ਸ਼ਾਹ,ਪਰਮਬੀਰ ਵੇਰਕਾ,ਨਵਦੀਪ ਸਿੰਘ ਬਾਬਾ,ਸਤਬੀਰ ਸਿੰਘ,ਹਰਜੀਤ ਸਿੰਘ,ਪ੍ਰਦੀਪ ਥਿੰਦ,ਮਲਕੀਤ ਭੁੱਲਰ,ਸੰਦੀਪ ਕੰਗ,ਸੁਲੇਖ ਸ਼ਰਮਾ,ਗੁਰਮੀਤ ਸਿੰਘ ਨਾਗ,ਅਜੈ ਕੁਮਾਰ,ਮਨੀਸ਼ ਸਲਹੋਤਰਾ,ਜਗਦੀਪ ਸਿੰਘ,ਪ੍ਰਮੋਦ ਸਿੰਘ,ਮਨਜਿੰਦਰ ਸਿੰਘ,ਮਨੀਸ਼ ਸਲੋਤਰਾ,ਰਾਜੂ ਲੁੱਧੜ,ਗੁਰਪ੍ਰੀਤ ਸਿੰਘ,ਰਵਿੰਦਰ ਸ਼ਰਮਾ,ਰਣਜੀਤ ਸਿੰਘ,ਗੁਰਵਿੰਦਰ ਸਿੰਘ,ਜੁਗੇਸ਼ ਸ਼ਰਮਾ ਰੁਪਿੰਦਰ ਕੌਰ,ਗੁਰਜੀਤ ਕੌਰ ਆਦਿ ਸਮੇਤ ਸੈੰਕੜੇ ਅਧਿਆਪਕ ਹਾਜ਼ਰ ਸਨ।