ਫਗਵਾੜਾ 3 ਅਗਸਤ (ਸ਼ਿਵ ਕੋੜਾ) ਅਲਾਇੰਸ ਕਲੱਬ ਫਗਵਾੜਾ ਨੌਰਥ ਵਲੋਂ ਪਿੰਡ ਢੱਕ ਪੰਡੋਰੀ ਵਿਖੇ ਕਲੱਬ ਦੇ ਪ੍ਰਧਾਨ ਪਰਮਿੰਦਰ ਕੁਮਾਰ ਦੀ ਅਗਵਾਈ ਹੇਠ ਬੂਟੇ ਲਗਾਏ ਗਏ। ਬੂਟੇ ਲਗਾਉਣ ਦੀ ਮੁਹਿਮ ਦਾ ਸ਼ੁੱਭ ਆਰੰਭ ਪਿੰਡ ਪੰਡੋਰੀ ਦੇ ਕਾਰਜਕਾਰੀ ਸਰਪੰਚ ਰਘਵੀਰ ਸਿੰਘ ਸੋਢੀ ਅਤੇ ਢੱਕ ਪੰਡੋਰੀ ਦੇ ਸਰਪੰਚ ਸ੍ਰੀਮਤੀ ਸੁਰਜੀਤ ਕੌਰ ਦੇ ਪਤੀ ਸਤਪਾਲ ਵਲੋਂ ਸਾਂਝੇ ਤੌਰ ਤੇ ਕੀਤੀ ਗਈ। ਸਰਪੰਚ ਰਘਬੀਰ ਸਿੰਘ ਸੋਢੀ ਨੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਰਤੀ ਦੇ ਵੱਧ ਰਹੀ ਗਰਮੀ ਦੀ ਮੁੱਖ ਵਜ੍ਹਾ ਵੱਡੀ ਪੱਧਰ ਤੇ ਦਰਖ਼ਤਾਂ ਦੀ ਕਟਾਈ ਹੈ। ਇਸ ਵਿਗੜਦੇ ਮੌਸਮ ਚੱਕਰ ਨੂੰ ਕਾਬੂ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਸਮੇਂ ਦੀ ਲੋੜ ਹੈ। ਕਲੱਬ ਪ੍ਰਧਾਨ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਹਰ ਸਾਲ ਬਰਸਾਤ ਦੇ ਮੌਸਮ ਵਿਚ ਉਹਨਾਂ ਦੀ ਕਲੱਬ ਵਲੋਂ ਵੱਡੀ ਪੱਧਰ ਤੇ ਬੂਟੇ ਲਗਾਏ ਜਾਂਦੇ ਹਨ। ਇਸ ਗੱਲ ਦਾ  ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਲਗਾਏ ਗਏ ਬੂਟਿਆਂ ਦੀ ਸਹੀ ਢੰਗ ਨਾਲ ਪਰਵਰਿਸ਼ ਹੋਵੇ। ਉਹਨਾਂ ਕਿਹਾ ਕਿ ਪਿੰਡਾਂ ਤੋਂ ਇਲਾਵਾ ਸ਼ਹਿਰ ਵਿਚ ਬੂਟੇ ਲਗਾਉਣ ਦੀ ਮੁਹਿਮ ਅੱਗੇ ਵੀ ਜਾਰੀ ਰਹੇਗੀ। ਇਸ ਮੌਕੇ ਮੈਂਬਰ ਪੰਚਾਇਤ ਬਿੰਦਰਪਾਲ, ਕਿਸਾਨ ਆਗੂ ਗੁਰਸ਼ਰਨ ਸਿੰਘ, ਕਲੱਬ ਮੈਂਬਰ ਜਸਵਿੰਦਰ ਸਿੰਘ ਬੋਇਲ, ਹਰਦੀਪ ਸਿੰਘ ਭੋਗਲ, ਰਜਿੰਦਰ ਸਿੰਘ, ਨਰਿੰਦਰ ਸਿੰਘ, ਇੰਦਰਜੀਤ ਸਿੰਘ ਅਤੇ ਕ੍ਰਾਂਤੀ ਸ਼ਰਮਾ ਆਦਿ ਹਾਜਰ ਸਨ