ਦਿੱਲੀ :-ਸਿੰਘੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ 25ਵੇਂ ਦਿਨ ਮੁੱਖ ਸਟੇਜ ਤੋਂ ਅੰਦੋਲਨ ‘ਚ ਜਾਨਾਂ ਗੁਆਉਣ ਵਾਲੇ 40 ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਆਗੂਆਂ ਵਲੋਂ ਸਬੰਧਿਤ ਪਰਿਵਾਰਾਂ ਦੀ ਆਰਥਿਕ ਮਦਦ ਦਾ ਵੀ ਐਲਾਨ ਕੀਤਾ ਗਿਆ | ਸਟੇਜ ਤੋਂ ਬੋਲਦਿਆਂ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਦੀ ਸਮਾਪਤੀ ‘ਤੇ ਇਕੱਠੇ ਹੋਏ ਫ਼ੰਡ ਦਾ ਸਾਰਾ ਬਕਾਇਆ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ‘ਚ ਬਰਾਬਰ ਵੰਡ ਦਿੱਤਾ ਜਾਵੇਗਾ | ਜਥੇਬੰਦੀਆਂ ਦੇ ਇਸ ਫ਼ੈਸਲੇ ਦਾ ਧਰਨੇ ‘ਚ ਸ਼ਾਮਿਲ ਕਿਸਾਨਾਂ ਵਲੋਂ ਵੀ ਹੱਥ ਖੜ੍ਹੇ ਕਰ ਕੇ ਸਮਰਥਨ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਕਿਸਾਨ ਆਗੂਆਂ ਨੇ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਹੱਕ ਲੈਣ ਤੱਕ ਸ਼ਾਂਤਮਈ ਅੰਦੋਲਨ ਜਾਰੀ ਰਹੇਗਾ | ਇਸ ਮੌਕੇ ਬਹੁਤੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮਸਲਾ ਕੇਵਲ ਖੇਤੀ ਕਾਨੂੰਨਾਂ ਤੱਕ ਹੀ ਸੀਮਤ ਨਹੀਂ ਸਗੋਂ ਰਾਜਾਂ ਦੇ ਅਧਿਕਾਰਾਂ ਦਾ ਵੀ ਹੈ ਅਤੇ ਅਜਿਹੇ ‘ਚ ਕਿਸਾਨ ਸੰਗਠਨਾਂ ਵਲੋਂ ਆਪਣੀਆਂ ਮੰਗਾਂ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਉਨ੍ਹਾਂ ਸਰਕਾਰ ‘ਤੇ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਰਚਣ ਦੇ ਦੋਸ਼ ਲਗਾਉਂਦਿਆਂ ਅੰਦੋਲਨ ‘ਚ ਸ਼ਾਮਿਲ ਨੌਜਵਾਨਾਂ ਨੂੰ ਜ਼ਾਬਤੇ ‘ਚ ਰਹਿਣ ਅਤੇ ਅਨੁਸ਼ਾਸਨ ਬਣਾਈ ਰੱਖਣ ਦਾ ਸੱਦਾ ਦਿੱਤਾ | ਆਗੂਆਂ ਨੇ ਅੰਦੋਲਨ ‘ਚ ਹਾਦਸੇ ਘਟਾਉਣ ਅਤੇ ਅੰਦੋਲਨ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਤੱਕ ਲੈ ਕੇ ਜਾਣ ਲਈ ਹਮਾਇਤੀਆਂ ਨੂੰ ਅਪੀਲ ਕੀਤੀ ਕਿ ਉਹ ਇਕ-ਇਕ ਜਾਂ ਦੋ-ਦੋ ਦਿਨ ਦਾ ਨਹੀਂ ਸਗੋਂ ਹਫਤੇ-ਹਫਤੇ ਭਰ ਦਾ ਪ੍ਰੋਗਰਾਮ ਬਣਾ ਕੇ ਧਰਨੇ ‘ਚ ਸ਼ਾਮਿਲ ਹੋਣ, ਜਿਸ ਨਾਲ ਹਾਦਸੇ ਵੀ ਘਟਣਗੇ ਅਤੇ ਸਰਕਾਰ ‘ਤੇ ਦਬਾਅ ਵੀ ਵਧੇਗਾ | ਧਰਨੇ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਵਲੋਂ ਕਾਰਪੋਰੇਟ ਅਦਾਰਿਆਂ, ਪੈਟਰੋਲ ਪੰਪਾਂ ਅਤੇ ਸ਼ਾਪਿੰਗ ਮਾਲਜ਼ ਦੇ ਮੁਕੰਮਲ ਬਾਈਕਾਟ ਦਾ ਵੀ ਦੇਸ਼ ਭਰ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ | ਉਨ੍ਹਾਂ ਸਵਦੇਸ਼ੀ ਚੀਜ਼ਾਂ ਅਤੇ ਵਸਤਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ | ਇਸ ਦੌਰਾਨ ਦੇਰ ਸ਼ਾਮ ਨੂੰ ਕਿਸਾਨਾਂ ਵਲੋਂ ਮੋਮਬੱਤੀਆਂ ਜਗਾ ਕੇ ਵੀ ਮਿ੍ਤਕ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਅੰਦੋਲਨ ਦੌਰਾਨ ਹੁਣ ਤੱਕ 40 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ ਅਜੇ ਪਤਾ ਨਹੀਂ ਇਹ ਅੰਦੋਲਨ ਹੋਰ ਕਿੰਨਾ ਲੰਬਾ ਚੱਲਦਾ ਹੈ | ਅਜਿਹੇ ‘ਚ ਕਿਸਾਨ ਜਥੇਬੰਦੀਆਂ ਵਲੋਂ ਇਹ ਫ਼ੈਸਲਾ ਕੀਤਾ ਗਿਆ ਕਿ ਅੰਦੋਲਨ ਦੀ ਸਮਾਪਤੀ ‘ਤੇ ਇਕੱਠੇ ਹੋਣ ਵਾਲੇ ਫ਼ੰਡ ਦੀ ਸਾਰੀ ਰਾਸ਼ੀ ਮਿ੍ਤਕ ਕਿਸਾਨਾਂ ਦੇ ਪਰਿਵਾਰਾਂ ‘ਚ ਵੰਡੀ ਜਾਵੇਗੀ | ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਹੁਣ ਜਦੋਂ ਸਰਕਾਰ ਵਲੋਂ ਮਸਲੇ ਦੇ ਹੱਲ ਲਈ ਸੁਪਰੀਮ ਕੋਰਟ ਕੋਲੋਂ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਗਿਆ ਹੈ ਤਾਂ ਅਜਿਹੇ ‘ਚ ਗੇਂਦ ਹੁਣ ਇਕ ਵਾਰ ਫਿਰ ਕੇਂਦਰ ਸਰਕਾਰ ਦੇ ਪਾਲੇ ‘ਚ ਹੈ ਅਤੇ ਸਭ ਕੁਝ ਸਰਕਾਰ ਦੇ ਰੁਖ ‘ਤੇ ਨਿਰਭਰ ਕਰਦਾ ਹੈ | ਇਸ ਦੌਰਾਨ ਕਿਸਾਨ ਅੰਦੋਲਨ ‘ਚ ਹਿੱਸਾ ਪਾਉਣ ਲਈ ਅੱਜ ਵੀ ਵੱਡੀ ਗਿਣਤੀ ‘ਚ ਲੋਕ ਸਿੰਘੂ ਬਾਰਡਰ ਵਿਖੇ ਪੁੱਜੇ | ਜ਼ਿਆਦਾਤਰ ਲੋਕ ਕਿਸਾਨਾਂ ਦੀ ਮਦਦ ਲਈ ਕੱਪੜੇ, ਕੰਬਲ, ਲੋਈਆਂ, ਜਰਸੀਆਂ ਤੇ ਫਲ-ਸਬਜ਼ੀਆਂ ਤੋਂ ਇਲਾਵਾ ਲੰਗਰ ਦੀ ਰਸਦ ਆਦਿ ਲੈ ਕੇ ਆਏ | ਅੱਜ ਸਿੰਘੂ ਬਾਰਡਰ ‘ਤੇ ਨੌਜਵਾਨਾਂ ਤੋਂ ਇਲਾਵਾ ਔਰਤਾਂ ਤੇ ਬੱਚੇ ਵੀ ਵੱਡੀ ਗਿਣਤੀ ‘ਚ ਪੁੱਜੇ ਹੋਏ ਸਨ | ਇਸੇ ਤਰ੍ਹਾਂ ਸਿੰਘੂ ਬਾਰਡਰ ‘ਤੇ ਦਿੱਲੀ ਵਾਲੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਵਲੋਂ ਆਪਣੀ ਵੱਖਰੀ ਸਟੇਜ ‘ਤੇ ਮਿ੍ਤਕ ਕਿਸਾਨਾਂ ਦੀ ਯਾਦ ‘ਚ ਅਰਦਾਸ ਕਰਨ ਉਪਰੰਤ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਤੇ ਸ਼ਾਮ ਨੂੰ ਵਿਛੜੀਆਂ ਰੂਹਾਂ ਦੀ ਯਾਦ ‘ਚ ਮੋਮਬੱਤੀਆਂ ਜਗਾਈਆਂ ਗਈਆਂ |