ਫਗਵਾੜਾ 29 ਜੂਨ (ਸ਼ਿਵ ਕੋੜਾ) ਅੰਬੇਡਕਰ ਸੈਨਾ ਮੂਲ ਨਿਵਾਸੀ ਵਲੋਂ ਅੱਜ ਪੰਜਾਬ ਪ੍ਰਧਾਨ ਹਰਭਜਨ ਸੁਮਨ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਇਕ ਮੰਗ ਪੱਤਰ ਏ.ਡੀ.ਸੀ. ਫਗਵਾੜਾ ਦਫਤਰ ਵਿਖੇ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹਰਭਜਨ ਸੁਮਨ ਨੇ ਦੱਸਿਆ ਕਿ ਫਗਵਾੜਾ ਦੇ ਜੀਟੀ ਰੋਡ ਸਥਿਤ ਗੌਲ ਚੌਕ ਦਾ ਨਾਮ ਸੰਵਿਧਾਨ ਚੌਕ ਰੱਖਣ ਦੀ ਮੰਗ ਨੂੰ ਲੈ ਕੇ ਅੱਜ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਜਨਵਰੀ 2018 ਵਿਚ ਦਲਿਤ ਸਮਾਜ ਵਲੋਂ ਫਗਵਾੜਾ ਦੇ ਕਮੀਸ਼ਨਰ ਅਤੇ ਸਮੂਹ ਕੌਂਸਲਰਾਂ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ ਜਿਹਨਾਂ ਨੇ ਸਰਬ ਸੰਮਤੀ ਨਾਲ ਚੌਕ ਦਾ ਨਾਮ ਸੰਵਿਧਾਨ ਚੌਕ ਰੱਖਣ ਬਾਰੇ ਸਹਿਮਤੀ ਦਿੱਤੀ ਸੀ। ਜਿਸ ਤੋਂ ਬਾਅਦ 13 ਅਪ੍ਰੈਲ ਨੂੰ ਚੌਕ ਵਿਖੇ ਸੰਵਿਧਾਨ ਚੌਕ ਦੇ ਨਾਮ ਦਾ ਫਲੈਕਸ ਬੋਰਡ ਲਗਾਇਆ ਗਿਆ ਸੀ ਪਰ ਉਸੇ ਰਾਤ ਸ਼ਰਾਰਤੀ ਅਨਸਰਾਂ ਵਲੋਂ ਫਲੈਕਸ ਬੋਰਡ ਨੂੰ ਫਾੜ ਦਿੱਤਾ ਗਿਆ। ਤਨਾਅ ਭਰੇ ਮਾਹੌਲ ‘ਚ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਗੋਲੀਬਾਰੀ ਵਿਚ ਯਸ਼ਵੰਤ ਬੋਬੀ ਨਾਮ ਦੇ ਦਲਿਤ ਨੌਜਵਾਨ ਦੀ ਮੌਤ ਹੋਈ ਅਤੇ ਕੁਲਵਿੰਦਰ ਕੁਮਾਰ ਨਾਂ ਦਾ ਇਕ ਹੋਰ ਦਲਿਤ ਨੌਜਵਾਨ ਜਖਮੀ ਹੋ ਗਿਆ ਸੀ। ਯਸ਼ਵੰਤ ਬੋਬੀ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿ੍ਰਤਕ ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਚੌਕ ਦਾ ਨਾਮ ਸੰਵਿਧਾਨ ਚੌਕ ਰੱਖਣ ਦਾ ਐਲਾਨ ਕੀਤਾ ਸੀ ਲੇਕਿਨ ਤਿੰਨ ਸਾਲ ਬਾਅਦ ਵੀ ਸਰਕਾਰ ਨੇ ਗੋਲ ਚੌਕ ਦਾ ਨਾਮ ਸੰਵਿਧਾਨ ਚੌਕ ਨਹੀਂ ਰੱਖਿਆ ਜਿਸ ਨੂੰ ਲੈ ਕੇ ਦਲਿਤ ਸਮਾਜ ਵਿਚ ਭਾਰੀ ਰੋਸ ਹੈ। ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਸਮਾਂ ਰਹਿੰਦੇ ਚੌਕ ਦਾ ਨਾਮ ਸੰਵਿਧਾਨ ਚੌਕ ਨਾ ਰੱਖਿਆ ਤਾਂ ਅਗਲੀਆਂ ਵਿਧਾਨਸਭਾ ਚੋਣਾਂ ਸਮੇਂ ਕਾਂਗਰਸ ਪਾਰਟੀ ਦਾ ਪੁਰਜੋਰ ਵਿਰੋਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਰੂਰੀ ਹੋਇਆ ਤਾਂ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਣਗੇ ਜਿਸ ਨਾਲ ਪੈਦਾ ਹੋਣ ਵਾਲੇ ਹਾਲਾਤ ਦੀ ਜਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਹੋਵੇਗੀ। ਇਸ ਮੌਕੇ ਸ਼ਹਿਰੀ ਪ੍ਰਧਾਨ ਪ੍ਰਦੀਪ ਅੰਬੇਡਕਰੀ, ਦਿਹਾਤੀ ਪ੍ਰਧਾਨ ਮਾਨ ਅੰਬੇਡਕਰੀ, ਜਸਵਿੰਦਰ ਬੋਧ, ਧਰਮਵੀਰ ਬੋਧ ਜਨਰਲ ਸਕੱਤਰ, ਮਨੀ ਅੰਬੇਡਕਰੀ, ਅਜੈਬ ਸਿੰਘ, ਮਨੋਹਰ ਲਾਲ ਜੱਖੂ, ਡਾ. ਜਗਦੀਸ਼, ਜਤਿੰਦਰ ਅੰਬੇਡਕਰੀ, ਬੰਟੀ ਕੌਲਸਰ ਆਦਿ ਹਾਜਰ ਸਨ।