ਅੰਮ੍ਰਿਤਸਰ,11ਨਵੰਬਰ ( )- ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ.) ਦੀ ਇਕ ਵਿਸ਼ੇਸ਼ ਮੀਟਿੰਗ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਡੀ.ਪੀ.ਆਈ.ਐਲੀਮੈਂਟਰੀ ਨਾਲ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਦੀ ਅਗਵਾਈ ਹੇਠ ਹੋਈ। ਜਿਸ ਦੌਰਾਨ ਅੰਮ੍ਰਿਤਸਰ ਜਿਲ੍ਹੇ ਅੰਦਰ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਰੁਕੀਆਂ ਪ੍ਰਮੋਸ਼ਨਾਂ ਤੋਂ ਇਲਾਵਾ ਹੋਰ ਵੀ ਅਧਿਆਪਕ ਮਸਲਿਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਥੇਬੰਦੀ ਦੇ ਪ੍ਰਮੁੱਖ ਮੀਡੀਆ ਇੰਚਾਰਜ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਅੰਮ੍ਰਿਤਸਰ ਜਿਲੇ ਅੰਦਰ ਲੰਮੇ ਸਮੇਂ ਤੋਂ ਰੁਕੀਆਂ ਹੈੱਡਟੀਚਰ/ਸੈੰਟਰ ਹੈੱਡਟੀਚਰ ਪ੍ਰਮੋਸ਼ਨਾਂ ਸਬੰਧੀ ਸਾਰੀ ਜਾਣਕਾਰੀ ਲੈਣ ਉਪਰੰਤ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ ਇਹ ਤਰੱਕੀਆਂ ਤੁਰੰਤ ਕਰਵਾਉਣ ਲਈ ਸਕੱਤਰ ਸਮਾਜ ਭਲਾਈ ਪੰਜਾਬ ਨੂੰ ਮੌਕੇ ਤੇ ਹੀ ਇੱਕ ਵਿਸ਼ੇਸ਼ ਪੱਤਰ ਲਿਖ ਕੇ ਅੰਮ੍ਰਿਤਸਰ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਪ੍ਰਮੋਸ਼ਨਾਂ ਸੰਬੰਧੀ ਪੇਸ਼ ਕੀਤਾ ਰਿਕਾਰਡ ਜਲਦ ਪ੍ਰਵਾਨ ਕਰਨ ਲਈ ਕਿਹਾ।
ਉਨ੍ਹਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਜਥੇਬੰਦੀ ਵੱਲੋਂ ਮੀਟਿੰਗ ‘ਚ ਉਭਾਰੇ ਗਏ ਪੰਜਾਬ ਪੱਧਰੀ ਮਸਲਿਆਂ ਨੂੰ ਵਿਚਾਰਦਿਆਂ ਉੱਚ ਅਧਿਕਾਰੀਆਂ ਨੇ ਹੈੱਡ ਟੀਚਰਜ ਦੀਆਂ ਘਟਾਈਆਂ ਗਈਆਂ 1904 ਪੋਸਟਾਂ ਮੁੜ ਬਹਾਲ ਕਰਨ ਸਬੰਧੀ ਵਿੱਤ ਵਿਭਾਗ ਨੂੰ ਪਿਛਲੇ ਸਮੇਂ ਭੇਜੀ ਫਾਈਲ ਜਲਦੀ ਪ੍ਰਵਾਨ ਕਰਵਾਉਣ ਅਤੇ ਹੋਰਨਾਂ ਜਿਲ੍ਹਿਆਂ ਵਿੱਚ ਵੀ ਖਾਲੀ ਹੋਈਆਂ ਹੈੱਡਟੀਚਰ/ਸੈੰਟਰ ਹੈੱਡਟੀਚਰ/ਬੀ. ਪੀ.ਈ.ਓ. ਦੀਆਂ ਪ੍ਰਮੋਸ਼ਨਾਂ ਜਲਦ ਕਰਾਉਣ ਦਾ ਭਰੋਸਾ ਦਿੱਤਾ। ਮੀਟਿੰਗ ‘ਚ ਜਥੇਬੰਦੀ ਨੇ ਡੀਪੀਆਈ ਐਲੀਮੈਂਟਰੀ ਕੋਲ ਫਿਰੋਜ਼ਪੁਰ ਜਿਲ੍ਹੇ ਵਿੱਚ ਮੈਡਮ ਦਲਜੀਤ ਕੌਰ ਦੇ ਸੀ.ਐਚ.ਟੀ. ਦੀ ਤਰੱਕੀ ਦੇ ਰੁੱਕੇ ਆਡਰ ਬਹਾਲ ਕਰਨ,ਮਾਸਟਰ ਕੇਡਰ ਦੀਆਂ ਪ੍ਰਮੋਸ਼ਨ ਸਬੰਧੀ ਜਲਦ ਕੋਰਟ-ਕੇਸ ਦਾ ਹੱਲ ਕਰਾ ਪ੍ਰਮੋਸ਼ਨਾਂ ਕਰਨ,ਕੋਰਟ ਸਟੇਅ ਕਾਰਣ ਲੇਟ ਪ੍ਰਮੋਟ ਹੋਏ ਅਧਿਆਪਕਾਂ ਨੂੰ ਏ.ਸੀ.ਪੀ. 4 ਸਾਲਾ ਸਤੰਬਰ 2020 ‘ਚ ਹੀ ਦੇਣ ਸਬੰਧੀ ਮੰਗ ਕੀਤੀ। ਜਿਸ ਤੇ ਉਨ੍ਹਾਂ ਨੇ ਸਾਰੇ ਮਸਲੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਉਪਰੋਕਤ ਤੋਂ ਇਲਾਵਾ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਸਤਬੀਰ ਸਿੰਘ ਬੋਪਾਰਾਏ,ਜਨਰਲ ਸਕੱਤਰ ਨਵਦੀਪ ਸਿੰਘ ਅੰਮ੍ਰਿਤਸਰ ਅਤੇ ਹੋਰ ਆਗੂ ਵੀ ਮੌਜੂਦ ਸਨ।