ਅੰਮ੍ਰਿਤਸਰ: ਦਲ ਖਾਲਸਾ ਨੇ ਸਿੱਖਾਂ ਦੀ ਸਵੈ-ਰਾਜ ਦੀ ਇਤਿਹਾਸਕ ਇੱਛਾ ਅਤੇ ਪੰਜਾਬ ਲਈ ਸਵੈ-ਨਿਰਣੈ ਦੇ ਹੱਕ ਦੀ ਮੰਗ ਨੂੰ ਮੁੜ ਦੁਹਰਾਉਦਿਆਂ ਭਾਰਤੀ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ। ਜਥੇਬੰਦੀ ਨੇ ਕਿਹਾ ਕਿ 15 ਅਗਸਤ 1947 ਨੂੰ ਮਿਲੀ ਆਜ਼ਾਦੀ ਦਾ ਨਿੱਘ ਸਿੱਖਾਂ, ਪੰਜਾਬੀਆਂ, ਦਲਿਤ ਭਰਾਵਾਂ ਨੂੰ ਨਹੀਂ ਮਿਲਿਆ ਅਤੇ ਉਹ ਭਾਰਤੀ ਲੀਡਰਸ਼ਿਪ ਦੇ ਝਾਂਸੇ ਵਿੱਚ ਆਕੇ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਵਿੱਚ ਫੱਸ ਗਏ ਹਨ। ਉਹਨਾਂ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਵਲੋਂ ਥੋਪੇ ਜਾ ਰਹੇ ‘ਇੱਕ ਬੋਲੀ, ਇੱਕ ਸਭਿਆਚਾਰ’ ਨੂੰ ਰੱਦ ਕਰਦਿਆਂ ਕਿਹਾ ਕਿ ਜਬਰੀ ਥੋਪਿਆ ਜਾ ਰਿਹਾ ਫਰਜੀ ਰਾਸ਼ਟਰਵਾਦ ਸਾਨੂੰ ਪ੍ਰਵਾਨ ਨਹੀਂ ਹੈ।
ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਸਿੱਖਾਂ ਸਿਰ ਪਈ ਦੂਸਰੀ ਗੁਲਾਮੀ ਵਿਰੁੱਧ ਸਿੱਖ ਸੰਘਰਸ਼ ਜਾਰੀ ਰੱਖਦਿਆਂ ਦਲ ਖਾਲਸਾ ਵਲੋਂ ਅੰਮ੍ਰਿਤਸਰ ਸਥਿਤ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਨੇੜੇ ਖੁਲੇ ਮੈਦਾਨ ਵਿੱਚ 15 ਅਗਸਤ ਨੂੰ ਭਾਰਤੀ ਜਸ਼ਨਾਂ ਦੇ ਸਮਾਨਾਂਤਰ ਸਮਾਗਮ ਕੀਤਾ ਜਾਵੇਗਾ ਜਿੱਥੇ ਖਾਲਸਾਈ ਝੰਡੇ ਨੂੰ ਸਲਾਮੀ ਦਿੱਤੀ ਜਾਵੇਗੀ, ‘ਦੇਹ ਸ਼ਿਵਾ ਬਰ ਮੋਹੇ ਹੈ’ ਦਾ ਗਾਇਣ ਕੀਤਾ ਜਾਵੇਗਾ ਅਤੇ ਦਲ ਖਾਲਸਾ ਦੇ ਮੁਖੀ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨਗੇ, ਜਿਸ ਵਿੱਚ ਉਹ ਭਾਰਤੀ ਹਾਕਮਾਂ ਵੱਲੋਂ ਨਸਲੀ ਕੌਮਾਂ ਤੇ ਘੱਟ-ਗਿਣਤੀਆਂ ਨਾਲ ਕੀਤੇ ਧੱਕਿਆਂ, ਬੇਇਨਸਾਫੀਆਂ ਅਤੇ ਜ਼ੁਲਮਾਂ ਦਾ ਵਿਸਥਾਰਿਤ ਖੁਲਾਸਾ ਕਰਨਗੇ।
ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤ ਵਿਚ ਸਿੱਖ ਇਕੱਲੇ ਨਹੀਂ ਹਨ ਸਗੋਂ ਹੋਰ ਧਾਰਮਿਕ ਘੱਟ-ਗਿਣਤੀਆਂ, ਦਲਿਤ ਵੀ ਆਪਣੇ ਮੁੱਢਲੇ ਹੱਕਾਂ ਤੋਂ ਵਾਂਝੇ ਹਨ ਅਤੇ ਉਹ ਵੀ ਇਸ ਗੁਲਾਮੀ ਵਿਚੋਂ ਨਿਜ਼ਾਤ ਪਾਉਣ ਲਈ ਸੰਘਰਸ਼ਸ਼ੀਲ ਹਨ। ਉਹਨਾਂ ਕਿਹਾ ਕਿ ਬਦਕਿਸਮਤੀ ਨਾਲ ਕੌਮਾਂਤਰੀ ਭਾਈਚਾਰਾ ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਕੀਤੇ ਜਾ ਰਹੇ ਲੋਕਤੰਤਰਿਕ ਅਤੇ ਸ਼ਾਂਤੀਪੂਰਨ ਸੰਘਰਸ਼ ਦੇ ਮਸਲੇ ‘ਤੇ ਅੱਖਾਂ ਬੰਦ ਕਰੀ ਬੈਠਾ ਹੈ, ਉਸ ਨੂੰ ਇਨ੍ਹਾਂ ਕੌਮਾਂ ਦਾ ਦਰਦ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਨਜ਼ਰ ਨਹੀਂ ਆਉਂਦਾ।
ਉਹਨਾਂ ਕਿਹਾ ਕਿ ਭਾਜਪਾ, ਜਿਸਨੇ ਕਿਸੇ ਸਮੇ ਇੱਕ ਸਿਧਾਂਤਕ ਪਾਰਟੀ ਹੋਣ ਦਾ ਵਹਿਮ ਪਾਲਿਆ ਸੀ, ਸੱਤਾ ਦਾ ਸੁਆਦ ਲੈਣ ਤੋਂ ਬਾਅਦ ਇਖਲਾਕ ਅਤੇ ਨੈਤਿਕ ਪੱਖੋਂ ਭ੍ਰਿਸ਼ਟ ਚੁੱਕੀ ਹੈ। ਉਹਨਾਂ ਕਿਹਾ ਕਿ ਵੰਡ ਤੋਂ ਪਹਿਲਾਂ ਸਿੱਖਾਂ ਨਾਲ ਜੋ ਵਾਅਦੇ ਕੀਤੇ ਗਏ ਸੀ ਉਹ ਭਾਰਤ ਦੀ ਲੀਡਰਸ਼ਿਪ ਨੇ ਬੇਈਮਾਨੀ ਦੀ ਨੀਯਤ ਨਾਲ ਵਿਸਾਰ ਦਿੱਤੇ ਹਨ।