ਮੁੰਬਈ :- ਕੋਰੋਨਾ ਮਹਾਂਮਾਰੀ ਵਿਚਾਲੇ ਕਈ ਮਹੀਨਿਆਂ ਦੇ ਇੰਤਜ਼ਾਰ ਮਗਰੋਂ ਅੱਜ ਆਈਪੀਐਲ ਦਾ 13ਵਾਂ ਸੀਜ਼ਨ ਯੂਏਈ ‘ਚ ਸ਼ੁਰੂ ਹੋ ਰਿਹਾ ਹੈ। ਮੁੰਬਈ ਇੰਡੀਅਨਜ਼ ਅਤੇ ਚੇਨੱਈ ਸੁਪਰ ਕਿੰਗਜ਼ ਵਿਚਾਲੇ ਅੱਜ ਤੋਂ ਅਬੁਧਾਬੀ ਵਿਚ ਹੋਣ ਵਾਲੇ ਪਹਿਲੇ ਮੁਕਾਬਲੇ ਨਾਲ ਆਈ.ਪੀ.ਐਲ.-13 ਦੀ ਸ਼ੁਰੂਆਤ ਹੋ ਜਾਵੇਗੀ। ਆਬੂਧਾਬੀ ਦੇ ਸ਼ੇਖ ਜਾਇਦ ਸਟੇਡੀਅਮ ‘ਚ ਭਾਰਤੀ ਸਮੇਂ ਮੁਤਾਬਕ ਸ਼ਾਮ ਸਾਢੇ ਸੱਤ ਵਜੇ ਮੈਚ ਸ਼ੁਰੂ ਹੋਵੇਗਾ। ਇਹ ਯੂਏਈ ਉਹ ਥਾਂ ਹੈ ,ਜਿੱਥੇ ਕਈ ਖਿਡਾਰੀ ਅਜੇ ਤੱਕ ਖੇਡੇ ਨਹੀਂ ਹਨ। ਪਹਿਲੀ ਵਾਰ ਉੱਥੋਂ ਦੀ ਪਿੱਚ ‘ਤੇ ਆਪਣੀ ਕਿਸਮਤ ਅਜਮਾਉਣਗੇ। IPL ਦੇ ਇਤਿਹਾਸ ‘ਚ ਇਹ ਦੂਜੀ ਵਾਰ ਹੈ ਕਿ ਪੂਰਾ ਆਈਪੀਐਲ ਭਾਰਤ ਦੇ ਬਾਹਰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਟੂਰਨਾਮੈਂਟ ਦੇ ਮੈਚ ਸੰਯੁਕਤ ਅਰਬ ਅਮੀਰਾਤ ਦੇ ਤਿੰਨ ਸ਼ਹਿਰਾਂ ਦੁਬਈ, ਸ਼ਾਰਜਾਹ ਅਤੇ ਅਬੁਧਾਬੀ ਵਿਚ ਖੇਡੇ ਜਾਣਗੇ। ਟੂਰਨਾਮੈਂਟ ਦਾ ਫਾਈਨਲ 10 ਨਵੰਬਰ ਨੂੰ ਹੋਵੇਗਾ। ਆਈਪੀਐਲ ਵਿਚ ਇਸ ਵਾਰ 10 ਵਾਰ ਇਕ ਦਿਨ ਵਿਚ 2 ਮੁਕਾਬਲੇ ਖੇਡੇ ਜਾਣਗੇ। ਇਨ੍ਹਾਂ ਦੋ ਮੈਚਾਂ ਵਾਲੇ ਦਿਨ ਪਹਿਲਾ ਮੁਕਾਬਲਾ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਅਤੇ ਦੂਜਾ ਮੁਕਾਬਲਾ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। ਦੁਬਈ ਵਿਚ 24, ਅਬੁਧਾਬੀ ਵਿਚ 20 ਅਤੇ ਸ਼ਾਰਜਾਹ ਵਿਚ 12 ਮੁਕਾਬਲੇ ਖੇਡੇ ਜਾਣਗੇ। ਕੋਵਿਡ-19 ਕਾਰਨ ਹਾਲਾਂਕਿ ਇਸ ਵਾਰ ਦਾ ਆਈਪੀਐਲ ਬਿਨਾਂ ਦਰਸ਼ਕਾਂ ਤੋਂ ਖਾਲੀ ਸਟੇਡੀਅਮ ‘ਚ ਖੇਡਿਆ ਜਾਵੇਗਾ।