ਜਲੰਧਰ : ਅੱਜ ਸਾਡੇ ਸਮਾਜ ਵਿੱਚ ਆਏ ਦਿਨ ਸਾਡੀਆਂ ਧੀਆਂ ਨਾਲ ਵੱਧ ਰਹੀਆਂ ਵਧੀਕੀਆਂ ਨੂੰ ਵੇਖਦੇ ਹੋਏ ਓਹਨਾਂ ਦੇ ਮਾਪੇ ਬਹੁਤ ਹੀ ਸਹਿਮੇ ਹੋਏ ਹਨ ਅਤੇ ਇਸ ਪ੍ਰਤੀ ਗਹਿਰੀ ਚਿੰਤਾ ਜਤਾ ਰਹੇ ਹਨ। ਉਹਨਾਂ ਦੀਆਂ ਨਮ ਅੱਖਾਂ ਇਹ ਸਵਾਲ ਕਰ ਰਹੀਆਂ ਹਨ ਕਿ ਅਸੀਂ ਧੀਆਂ ਨੂੰ ਜਨਮ ਦੇ ਕੇ ਕੀ ਕੋਈ ਗੁਨਾਹ ਕੀਤਾ ਹੈ ? ਜਾਂ ਸਾਡੀਆਂ ਧੀਆਂ ਦਾ ਕੀ ਕਸੂਰ ਹੈ ਜੋ ਉਹਨਾਂ ਨਾਲ ਐਨੀ ਬੇਇਨਸਾਫ਼ੀ ਹੋ ਰਹੀ ? ਮੈਨੂੰ ਵੀ ਸਮਝ ਨਹੀਂ ਆ ਰਹੀ ਸਾਡੇ ਸਮਾਜ ਨੂੰ ਕਿਸਦੀ ਨਜ਼ਰ ਲੱਗ ਗਈ ਜਾਂ ਕਿਹੜੇ ਸ਼ਰਾਰਤੀ ਅਨਸਰ ਸਾਡੇ ਸਮਾਜ ਨੂੰ ਬਰਬਾਦ ਕਰਨ ਤੇ ਤੁੱਲੇ ਹਨ। ਅਜਿਹੀਆਂ ਜਬਰ ਜਿਨਾਹ ਅਤੇ ਹੈਵਾਨੀਅਤ ਜਿਹੀਆਂ ਘਟਨਾਵਾਂ ਨੇ ਸਾਡੇ ਸਮਾਜ ਨੂੰ ਕਲੰਕਿਤ ਕਰ ਦਿੱਤਾ ਹੈ। ਮੇਰੀ ਬੇਨਤੀ ਦੇਸ਼ ਦੇ ਬੁਧੀਜੀਵੀਆਂ ਅਤੇ ਜਿੰਮੇਵਾਰ ਨਾਗਰਿਕਾਂ ਨੂੰ ਹੈ ਕਿ ਆਓ ਸਾਰੇ ਰੱਲ ਕੇ ਕੋਈ ਮੁਹਿੰਮ ਸ਼ੁਰੂ ਕਰੀਏ ਤਾਕਿ ਡਾਕਟਰ ਪ੍ਰਿਯੰਕਾ ਰੈੱਡੀ ਦੇ ਕਾਤਿਲਾਂ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜਾ ਤਾਂ ਮਿਲ ਸਕੇ। ਤਾਂ ਜੋ ਅੱਗੋਂ ਵੀ ਸਾਡੀਆਂ ਧੀਆਂ ਪ੍ਰਿਯੰਕਾ ਰੈੱਡੀ ਜਾਂ ਕੁੱਝ ਹੋਰ ਬਣਨ ਲੱਗਿਆਂ ਡਰਨ ਨਾ। ਵੈਸੇ ਜਿਸ ਕਾਨੂੰਨ ਦੀ ਆੜ ਵਿੱਚ ਅਪਰਾਧੀ ਨੂੰ ਰੱਖ ਕੇ, ਸਜਾ ਦੇਣ ਲੱਗਿਆਂ ਇੰਨਾ ਸੋਚਿਆ ਜਾਂਦਾ ਹੈ , ਉਹ ਕਾਨੂੰਨ ਐਨਾ ਸਖਤ ਨਹੀਂ ਜਿਸ ਵਿੱਚ ਸਮੇਂ ਅਤੇ ਪਰਿਸਥਿਤੀਆਂ ਅਨੁਸਾਰ ਸੋਧ ਨਾ ਕੀਤੀ ਜਾ ਸਕੇ। ਫਿਰ ਅੱਗੇ ਵੀ ਸਾਡੀਆਂ ਧੀਆਂ, ਇਥੋਂ ਤੱਕ ਕਿ ਛੋਟੀ ਬੱਚੀਆਂ ਵੀ ਸੁਰੱਖਿਅਤ ਨਹੀਂ ਰਹੀਆਂ ਫਿਰ ਅਫਸੋਸ ਤੇ ਹੈਰਾਨੀ ਦੀ ਗੱਲ ਹੈ ਕਿ ਸਾਡੀ ਸਰਕਾਰਾਂ ਦੀ ਅਜੇ ਤੱਕ ਜਾਗ ਕਿਉਂ ਨਹੀਂ ਖੁੱਲੀ। ਇਸ ਲਈ ਆਓ ਆਪਾਂ ਹੀ ਕੋਈ ਮੁਹਿੰਮ ਸ਼ੁਰੂ ਕਰੀਏ ਅਤੇ ਓਦੋਂ ਤੱਕ ਸਾਹ ਨਾ ਲਈਏ ਜਦੋਂ ਤੱਕ ਸਾਡੀਆਂ ਧੀਆਂ ਨੂੰ ਨਿਆਂ ਨਹੀਂ ਮਿਲਦਾ। ਜੇਕਰ ਆਪਾਂ ਫਿਰ ਹੱਥ ਤੇ ਹੱਥ ਧਰ ਕੇ ਬੈਠ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਮਾਜ ਵਿੱਚ ਧੀਆਂ ਦਾ ਜੰਮਣਾ ਫਿਰ ਤੋਂ ਸਰਾਪ ਸਮਝਿਆ ਜਾਣ ਲੱਗੇਗਾ ਜੋ ਕਿ ਅਜੇ ਥੋੜੀ ਲੋਕਾਂ ਵਿਚ ਜਾਗ੍ਰਿਤੀ ਆਈ ਹੈ ਉਹ ਫਿਰ ਤੋਂ ਖਤਮ ਹੋ ਜਾਵੇਗੀ।