ਜਲੰਧਰ : ਆਪਣੇ ਗੁਰੂ ਸਾਹਿਬਾਨਾਂ ਅਤੇ ਗੁਰਬਾਣੀ ਦੇ ਮਹਾਨ ਆਦਰਸ਼ਾਂ ਅਤੇ ਸਿਧਾਂਤਾਂ ਤੇ ਚਲਦੇ ਹੋਏ ਸਤਿਗੁਰੂ ਦਲੀਪ ਸਿੰਘ ਜੀ ਦੁਆਰਾ ਪੰਥ, ਸਮਾਜ ਅਤੇ ਵਿਸ਼ਵ ਕਲਿਆਣ ਦੇ ਉਪਰਾਲੇ ਨਿਰੰਤਰ ਵੱਧ ਰਹੇ ਹਨ ਅਤੇ ਉਹਨਾਂ ਦੀ ਛਤਰ ਛਾਇਆ ਵਿੱਚ ਨਾਮਧਾਰੀ ਸੰਗਤ ਵੀ ਨਿਰੰਤਰ ਜਤਨਸ਼ੀਲ ਹੈ । ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਵਾਰ ਦਾ 40 ਦਿਨਾਂ ਦਾ ਸਾਲਾਨਾ ਜੱਪ ਪ੍ਰਯੋਗ ਅਤੇ ਅੱਸੂ ਦਾ ਮੇਲਾ ਸਮਾਜ ਅਤੇ ਦੇਸ਼ ਨੂੰ ਮਹਾਨ ਸੰਦੇਸ਼ ਦਿੰਦਾ ਹੋਇਆ ਗੁਰਦੁਆਰਾ ਸ੍ਰੀ ਜੀਵਨ ਨਗਰ ਦੇ ਪਾਵਨ ਸਥਾਨ ਤੇ ਸ਼ਾਨੋ-ਸ਼ੋਕਤ ਨਾਲ ਸੰਪੰਨ ਹੋਇਆ। ਇਸ ਮੌਕੇ ਨਾਮ ਸਿਮਰਨ, ਕਥਾ-ਕੀਰਤਨ, ਮਹਾਨ ਕਵੀ ਦਰਬਾਰ, ਵਿਸ਼ਵ ਸਤਸੰਗ ਸਭਾ ਵਲੋਂ ਖੂਨ ਦਾਨ ਕੈਂਪ ਦੇ ਨਾਲ-ਨਾਲ ਸੰਗਤ ਵਲੋਂ ਵਧੇਰੀ ਗਿਣਤੀ ਵਿੱਚ ਸਧਾਰਨ ਪਾਠ, ਅਖੰਡ ਪਾਠ, ਚੰਡੀ ਦੀ ਵਾਰ ਦੇ ਹਵਨ ਯੱਗ, ਜਪੁਜੀ ਸਾਹਿਬ, ਸੁਖਮਨੀ ਸਾਹਿਬ ਦੇ ਪਾਠ ਅਤੇ ਦੋ ਲੱਖ 60 ਹਜਾਰ ਚੌਪਈ ਸਾਹਿਬ ਦੇ ਪਾਠ ਪੰਥ ਅਤੇ ਦੇਸ਼ ਦੀ ਚੜ੍ਹਦੀ ਕਲਾ ਲਈ ਕੀਤੇ ਗਏ ਅਤੇ ਮਾਤਾ ਚੰਦ ਕੌਰ ਜੀ ਦੇ ਕਾਤਲ ਫੜੇ ਜਾਣ ਦੀ ਅਰਦਾਸ ਵੀ ਕੀਤੀ ਗਈ। ਕਿਓਂਕਿ ਸਮਾਜ ਦੀ ਪਰਿਸਥਿਤੀਆਂ ਜਦੋਂ ਬਹੁਤ ਵਿਗੜ ਗਈਆਂ ਸਨ ਤਾਂ ਸਤਿਗੁਰੂ ਨਾਨਕ ਦੇਵ ਜੀ ਨੇ ਵੀ ਪ੍ਰਮਾਤਮਾ ਅੱਗੇ ਅਰਜੋਈ ਕੀਤੀ ਸੀ, ” ਏਤੀ ਮਾਰ ਪਈ ਕੁਰਲਾਣੇ ਤੈਂ ਕਿ ਦਰਦ ਨਾ ਆਇਆ।”
ਇਸ ਰੂਹਾਨੀਅਤ ਭਰੇ ਮਾਹੌਲ ਵਿੱਚ ਸਤਿਗੁਰੂ ਦਲੀਪ ਸਿੰਘ ਜੀ ਨੇ ਆਪਣੇ ਕਲਿਆਣਕਾਰੀ ਪ੍ਰਵਚਨ ਦਿੰਦਿਆਂ ਦੱਸਿਆ ਕਿ ਜੇਕਰ ਅਸੀਂ ਵਾਕਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ ਤਾਂ ਸਾਨੂੰ ਗੁਰਬਾਣੀ ਨੂੰ ਮੰਨ ਕੇ ਸੇਵਾ ਸਿਮਰਨ ਕਰਨ ਅਤੇ ਸ਼ੁਭ ਅਤੇ ਨਿਰਮਲ ਕਰਮ ਕਰਨ ਦੀ ਲੋੜ ਹੈ ਇਸ ਤੋਂ ਇਲਾਵਾ ਸਾਨੂੰ ਸਤਿਗੁਰੂ ਰਾਮ ਸਿੰਘ ਜੀ ਨੇ ਜੋ ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਜਾਚ ਦੱਸੀ ਹੈ ਉਸ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਗੁਰਬਾਣੀ ਨੂੰ ਪੜ੍ਹ ਕੇ, ਸਮਝ ਕੇ ਮੰਨਣ ਦੀ ਅਤੇ ਆਪਣੇ ਅਵਗੁਣ ਸੁਧਾਰਨ ਦੀ ਲੋੜ ਹੈ। ਆਪ ਜੀ ਨੇ ਦੱਸਿਆ ਕਿ ਮਾਨਵ ਸ਼ਰੀਰ ਗੁਣ ਧਾਰਨ ਕਰਨ ਲਈ ਹੈ ਇਸ ਲਈ ਸਾਰੇ ਗੁਣ ਰੂਪੀ ਫੁੱਲਾਂ ਦੀ ਮਾਲਾ ਧਾਰਨ ਕਰੋ।
ਇਸ ਤੋਂ ਇਲਾਵਾ ਆਪ ਜੀ ਨੇ ਇਹ ਬਚਨ ਕੀਤੇ ਕਿ ਆਪਾਂ ਗੁਰਸਿੱਖ ਹੋਣ ਦੇ ਨਾਲ ਰਾਸ਼ਟਰਵਾਦੀ ਅਤੇ ਦੇਸ਼ਭਗਤ ਵੀ ਹਾਂ। ਇਸ ਲਈ ਸਾਨੂੰ ਦੇਸ਼, ਸੱਭਿਯਤਾ ਅਤੇ ਸੰਸਕ੍ਰਿਤੀ ਦੀ ਉੱਨਤੀ ਲਈ ਹਮੇਸ਼ਾ ਤੱਤਪਰ ਰਹਿਣਾ ਚਾਹੀਦਾ ਹੈ ਅਤੇ ਭਾਰਤ ਨੂੰ ਫਿਰ ਤੋਂ ਵਿਸ਼ਵ ਗੁਰੂ ਬਣਾਉਣਾ ਹੈ। ਆਪ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਤੇ ਗੁਰੂ ਸਾਹਿਬਾਨਾਂ ਦੇ ਮਹਾਨ ਆਦਰਸ਼ਾ ਤੇ ਚਲਦੇ ਹੋਏ ਸੰਗਤ ਨੂੰ ਜਪੁਜੀ ਸਾਹਿਬ ਦੇ 5 ਲੱਖ 5 ਹਜ਼ਾਰ ਪਾਠ ਕਰਨ ਅਤੇ ਸਮੁਚੇ ਸਿੱਖ ਜਗਤ ਨੂੰ 550 ਲੱਖ ਗਰੀਬ ਲੜਕੀਆਂ ਨੂੰ ਪੜ੍ਹਾਉਣ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਗੁਰਦੁਆਰਾ ਸਮਿਤੀ ਦੇ ਪ੍ਰਧਾਨ ਸੁਖਦੇਵ ਸਿੰਘ, ਸੂਬਾ ਦਰਸ਼ਨ ਸਿੰਘ, ਸੂਬਾ ਅਮਰੀਕ ਸਿੰਘ, ਸੂਬਾ ਬਲਜੀਤ ਸਿੰਘ, ਵਕੀਲ ਨਰਿੰਦਰ ਸਿੰਘ,ਮੁਖਤਿਆਰ ਸਿੰਘ, ਅਜੀਤ ਸਿੰਘ ਸੰਤਾਵਾਲੀ, ਜਸਪਾਲ ਸਿੰਘ, ਸੂਬਾ ਭਗਤ ਸਿੰਘ ਮਹੱਦੀਪੁਰ, ਮੋਹਨ ਸਿੰਘ ਝੱਬਰ,ਅੰਗਰੇਜ ਸਿੰਘ, ਗੁਰਨਾਮ ਸਿੰਘ, ਗੁਰਦੇਵ ਸਿੰਘ, ਪੰਥ ਦੇ ਵਿਦਵਾਨ ਬਾਬਾ ਛਿੰਦਾ ਸਿੰਘ ਜੀ, ਜਥੇਦਾਰ ਗੁਰਦੀਪ ਸਿੰਘ, ਜਥੇਦਾਰ ਜੋਗਿੰਦਰ ਸਿੰਘ ਮੁਕਤਾ,ਜਥੇਦਾਰ ਮਨਮੋਹਨ ਸਿੰਘ ਪਲੀਏ ਵਾਲੇ, ਪਤਵੰਤੇ ਸਜੱਣਾ ਵਿਚੋਂ ਵਿਸ਼ਵ ਹਿੰਦੂ ਪਰਿਸ਼ਦ ਹਰਿਆਣਾ ਦੇ ਸੰਗਠਨ ਮੰਤਰੀ ਪ੍ਰੇਮ ਸ਼ੰਕਰ ਜੀ, ਜਿਲਾ ਅਧਿਅਕਸ਼ ਹਰੀ ਕ੍ਰਿਸ਼ਨ, ਵਿਭਾਗ ਅਧਿਅਕਸ਼ ਬ੍ਰਿਜ਼ ਮੋਹਨ ਸ਼ਰਮਾ, ਬੀ.ਜੇ.ਪੀ. ਦੇ ਪਾਰੁਲ ਢਾਕਾ ਜੀ, ਸ੍ਰੀ ਰਾਮਚੰਦ ਜੀ ਕਮਬੋਜ, ਪਵਨ ਬੇਨੀਵਾਲ,ਪ੍ਰਦੀਪ ਰਾਤੂਸਰੀਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
ਇਹ ਸਾਰੇ ਪ੍ਰੋਗਰਾਮ ਦੌਰਾਨ ਮੰਚ ਦਾ ਸੰਚਾਲਨ ਰਘਬੀਰ ਸਿੰਘ ਬਾਜਵਾ ਨੇ ਕੀਤਾ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ।