ਫਗਵਾੜਾ 19 ਅਗਸਤ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ ਗੁਰਵਿੰਦਰ ਸਿੰਘ, ਤਵਿੰਦਰ ਰਾਮ, ਵਿਸ਼ਾਲ ਵਾਲੀਆ ਅਤੇ ਮਦਨ ਲਾਲ ਨੇ ਜਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ ਨਿਰਮਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਹਿਰ ਦੇ ਵੱਖ ਵੱਖ ਵਾਰਡਾਂ ਤੇ ਪੇਂਡੂ ਇਲਾਕਿਆਂ ‘ਚ ਕਨੋਪੀ ਲਗਾ ਕੇ ਬਿਜਲੀ ਖਪਤਕਾਰਾਂ ਨੂੰ ਤਿੰਨ ਸੌ ਯੁਨਿਟ ਫਰੀ ਬਿਜਲੀ ਦੇਣ ਦੇ ਗਾਰੰਟੀ ਕਾਰਡ ਬਣਾਏ ਤੇ ਨਾਲ ਹੀ ਆਮ ਆਦਮੀ ਪਾਰਟੀ ਦੀਆਂ ਪੰਜਾਬ ਪ੍ਰਤੀ ਨੀਤੀਆਂ ਨਾਲ ਜਾਣੂ ਕਰਵਾਇਆ। ਜਿਕਰਯੋਗ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਵਿਚ ਬਿਜਲੀ ਦੇ ਹਰੇਕ ਖਪਤਕਾਰ ਨੂੰ ਤਿੰਨ ਸੌ ਯੁਨਿਟ ਫਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਕਨੋਪੀਆਂ ਦਾ ਮਕਸਦ ਕੇਜਰੀਵਾਲ ਦੇ ਐਲਾਨ ਨੂੰ ਘਰੋਂ-ਘਰੀਂ ਪਹੁੰਚਾਉਣਾ ਹੈ। ਆਪ ਆਗੂਆਂ ਨੇ ਵੋਟਰਾਂ ਨੂੰ ਆਪ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਗਲੇ ਸਾਲ ਵਿਧਾਨਸਭਾ ਚੋਣਾਂ ਤੋਂ ਬਾਅਦ ਸੂਬੇ ਵਿਚ ਆਪ ਦੀ ਸਰਕਾਰ ਬਣੀ ਤਾਂ ਪੰਜਾਬੀਆਂ ਨੂੰ ਵੀ ਦਿੱਲੀ ਵਰਗੀਆਂ ਸਹੂਲਤਾਂ ਜਿਵੇਂ ਮੁਹੱਲਾ ਕਲੀਨਿਕਾਂ ‘ਚ ਫਰੀ ਇਲਾਜ, ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਨੂੰ ਵਧੀਆ ਸਹੂਲਤਾਂ, ਸੂਬੇ ਦਾ ਸਰਬ ਪੱਖੀ ਵਿਕਾਸ ਅਤੇ ਭ੍ਰਿਸ਼ਟਾਚਾਰ ਤੋਂ ਮੁਕਤੀ ਮਿਲੇਗੀ। ਇਸ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਆਪ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਲੋਕਾਂ ਦੇ ਮੋਬਾਇਲ ਫੋਨ ਤੋਂ ਪਾਰਟੀ ਦੇ ਨੰਬਰ ‘ਤੇ ਮਿਸਡ ਕਾਲ ਕਰਕੇ ਉਹਨਾਂ ਨੂੰ ‘ਆਪ’ ਨਾਲ ਜੋੜਿਆ ਗਿਆ। ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਲੋਕ ਰਵਾਇਤੀ ਪਾਰਟੀਆਂ ਦੀ ਲੁੱਟ-ਖਸੁੱਟ ਤੋਂ ਦੁਖੀ ਹਨ ਅਤੇ ਇਕ ਹਾਲੀਆ ਸਰਵੇ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ। ਇਸ ਮੌਕੇ ਸੀਨੀਅਰ ਆਪ ਆਗੂ ਡਾ. ਜਤਿੰਦਰ ਸਿੰਘ ਪਰਹਾਰ ਵੀ ਹਾਜਰ ਸਨ।