ਫਗਵਾੜਾ 1 ਜੂਨ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿਸ਼ਾਲ ਵਾਲੀਆ ਨੇ ਥਾਂ-ਥਾਂ ਉੱਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵਾਲੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਲੱਗੇ ਬੋਰਡਾਂ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਇਹਨਾਂ ਫਲੈਕਸ ਬੋਰਡਾਂ ਰਾਹੀਂ ਦੱਸਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦੇ ਸੂਬੇ ਦੇ ਲੋਕਾਂ ਨਾਲ ਪਿਛਲੀਆਂ ਵਿਧਾਨਸਭਾ ਚੋਣਾਂ ਸਮੇਂ ਕੀਤੇ ਸੀ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਜਦਕਿ ਜਮੀਨੀ ਸੱਚਾਈ ਇਸ ਤੋਂ ਕੋਹਾਂ ਦੂਰ ਹੈ। ਉਹਨਾਂ ਵਿਅੰਗ ਕੀਤਾ ਕਿ ‘ਕੈਪਟਨ ਸਾਹਿਬ ਬੋਰਡਾਂ ਰਾਹੀਂ ਮਸ਼ਹੂਰੀ ਨਹੀਂ ਜਰੂਰੀ, ਜਨਤਾ ਦੀ ਆਸ ਕਰੋ ਪੂਰੀ’ ਅਤੇ ਨਾਲ ਹੀ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਆਪਣੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਅੱਜ ਪੰਜਾਬ ਸਰਕਾਰ ਦੇ ਕਈ ਸੀਨੀਅਰ ਮੰਤਰੀ ਅਤੇ ਵਿਧਾਇਕ ਉਹਨਾਂ ਤੋਂ ਇਹ ਸਵਾਲ ਨਾ ਕਰਦੇ ਕਿ ਲੋਕਾਂ ਵਿਚ ਕਿਸ ਮੂੰਹ ਨਾਲ ਜਾਵਾਂਗੇ। ਵਿਸ਼ਾਲ ਵਾਲੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਗੁਟਕਾ ਸਾਹਿਬ ਚੁੱਕ ਕੇ ਨਸ਼ਿਆਂ ਦੇ ਖਾਤਮੇ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦੁਆਉਣ ਦੀ ਵੀਡੀਓ ਅੱਜ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਰ ਘਰ ਰੁਜਗਾਰ, ਨੌਜਵਾਨਾਂ ਨੂੰ ਮੋਬਾਇਲ, ਬੇਰੁਜਗਾਰੀ ਭੱਤਾ ਪੱਚੀ ਸੌ ਰੁਪਏ ਪ੍ਰਤੀ ਮਹੀਨਾ ਕਰਨ ਵਰਗੇ ਸਬਜ ਬਾਗ ਦਿਖਾ ਕੇ ਇਕ ਵਾਰ ਤਾਂ ਪੰਜਾਬ ਦੀ ਸੱਤਾ ਹਾਸਲ ਕੀਤੀ ਜਾ ਸਕਦੀ ਹੈ ਪਰ ਦੂਸਰੀ ਵਾਰ ਅਜਿਹਾ ਸੰਭਵ ਨਹੀਂ ਹੈ। ਪੰਜਾਬ ਦੀ ਜਨਤਾ ਅਗਲੇ ਸਾਲ ਹਰ ਕਾਂਗਰਸੀ ਆਗੂ ਨੂੰ 2017 ‘ਚ ਕੀਤੇ ਵਾਅਦੇ ਯਾਦ ਦੁਆਏਗੀ ਅਤੇ ਕਿਸੇ ਕੀਮਤ ਤੇ ਕਾਂਗਰਸ ਪਾਰਟੀ ਨੂੰ ਲੋਕ ਵੋਟ ਨਹੀਂ ਪਾਉਣਗੇ। ਉਹਨਾਂ ਸਮੂਹ ਪੰਜਾਬੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਹੱਥ ਮਜਬੂਤ ਕਰਨ ਤਾਂ ਜੋ ਰਵਾਇਤੀ ਪਾਰਟੀਆਂ ਦੇ ਜਾਲ ਤੋਂ ਸੂਬੇ ਨੂੰ ਆਜਾਦ ਕਰਾਇਆ ਜਾ ਸਕੇ। ਉਹਨਾਂ ਭਰੋਸਾ ਜਤਾਇਆ ਕਿ ਅਗਲੇ ਸਾਲ ਦੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ।