ਫਗਵਾੜਾ 8 ਫਰਵਰੀ (‌ਸਿਵ ਕੋੜਾ) ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਨੂੰ ਬੇਤੁਕੀ ਬਿਆਨਬਾਜੀ ਤੋਂ ਗੁਰੇਜ ਕਰਨ ਦੀ ਹਦਾਇਤ ਕਰਦਿਆਂ ਅੱਜ ਪ੍ਰਦੇਸ਼ ਦੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਨ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਹਾਸੋਹੀਣੀ ਗੱਲ ਹੈ ਕਿ ਜਿਸ ਆਦਮੀ ਨੂੰ ਕਣਕ ਅਤੇ ਝੋਨੇ ਦਾ ਫਰਕ ਨਹੀ ਪਤਾ ਉਹ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਇੰਚਾਰਜ ਹੈ। ਉਹਨਾਂ ਕਿਹਾ ਕਿ ਰਾਘਵ ਚੱਢਾ ਨੂੰ ਪੰਜਾਬ ਦੇ ਮੁੱਖ ਮੰਤਰੀ ਬਾਰੇ ਟਿੱਪਣੀ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀ ਹੈ ਕਿਉਂਕਿ ਉਹ ਨਹੀ ਜਾਣਦੇ ਕਿ ਪੰਜਾਬ ਦੀ ਖੁਸ਼ਹਾਲੀ ਅਤੇ ਕਿਸਾਨਾ ਦੀ ਭਲਾਈ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕੀ ਭੂਮਿਕਾ ਰਹੀ ਹੈ। ਰਾਘਵ ਚੱਢਾ ਨੂੰ ਸਿਆਸਤ ਦਾ ਨੌਸਿੱਖੀਆ ਦੱਸਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਦੀ ਸਾਖ ਨੂੰ ਧੁੰਧਲਾ ਕਰਨ ਦੀ ਹਰ ਕੋਸ਼ਿਸ਼ ਨਾਲ ਸਖਤੀ ਪੂਰਵਕ ਨਿਪਟਿਆ ਜਾਵੇਗਾ। ਮਾਨ ਨੇ ਕਿਹਾ ਕਿ ਪੰਜਾਬ ਦੇਸ਼ ਦਾ ਇੱਕੋ ਇਕ ਸੂਬਾ ਹੈ ਜੋ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਪਾਸ ਕੀਤੇ ਤਿੰਨ ਕਾਲੇ ਕਾਨੂੰਨਾ ਨੂੰ ਵਾਪਸ ਕਰਵਾਉਣ ਵਿਚ ਮੋਹਰੀ ਹੋਇਆ ਜਿਸ ਕਰਕੇ ਆਪ ਸਮੇਤ ਹੋਰ ਪਾਰਟੀਆਂ ਉਹਨਾਂ ਤੋਂ ਖਾਰ ਖਾਂਦੀਆਂ ਹਨ। ਉਹਨਾਂ ਸਪਸ਼ਟ ਕੀਤਾ ਕਿ ਪੰਜਾਬ ਦੇ ਸੂਝਵਾਨ ਲੋਕ ਕਿਸੇ ਵੀ ਗਲਤ ਪ੍ਰਚਾਰ ਨਾਲ ਗੁਮਰਾਹ ਨਹੀ ਹੋਣਗੇ ਅਤੇ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਦੀਆਂ ਚੋਣਾਂ ਵਿਚ ਇਕ ਵਾਰ ਫਿਰ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟਾਂ ਪਾ ਕੇ ਪਹਿਲਾਂ ਤੋਂ ਵੀ ਵੱਧ ਮਜਬੂਤੀ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਤੇ ਮੁੱਖਮੰਤਰੀ ਦਾ ਤਾਜ ਸਜਾਉਣਗੇ।