ਜਲੰਧਰ,: ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਹੱਕ ‘ਚ ਖੜਦਿਆਂ ਆਮ ਆਦਮੀ ਪਾਰਟੀ (ਆਪ) ਹਲਕਾ ਜਲੰਧਰ ਸੈਂਟਰਲ
ਦੀ ਟੀਮ ਨੇ ਲੌਕਡਾਊਨ ਦੌਰਾਨ ਮੋਦੀ ਸਰਕਾਰ ਦੁਆਰਾ ਥੋਪੇ ਗਏ ਆਰਡੀਨੈਂਸਾਂ ਦਾ ਸਮਰਥਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਡੀ ਸੀ ਦਫਤਰ ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕਰਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ।
ਆਮ ਆਦਮੀ ਪਾਰਟੀ ਹਲਕਾ .ਜਲੰਧਰ ਸੈਂਟਰਲ ਦੇ ਹਲਕਾ ਪ੍ਰਧਾਨ ਅਤੇ ਪੰਜਾਬ ਸੂਬੇ ਦੇ ਉਪ ਪ੍ਰਧਾਨ ਡਾ ਸੰਜੀਵ ਸ਼ਰਮਾ ਦੁਆਰਾ ਜਾਰੀ ਬਿਆਨ ਰਾਹੀਂ ਦੱਸਿਆ ਗਿਆ ਕੀ ਕਿਵੇਂ ਸੁਖਬੀਰ ਬਾਦਲ ਨੇ ਆਪਣੀ ਪਤਨੀ, ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਲਈ ਪੰਜਾਬ ਦੀ ਖੇਤੀ ਵੇਚ ਦਿੱਤੀ। ਇਹ ਖ਼ੁਲਾਸਾ ਪੰਜਾਬ ਸਰਕਾਰ ਵੱਲੋਂ ਬੁਲਾਈ ਆਲ ਪਾਰਟੀ ਮੀਟਿੰਗ ਵਿੱਚ ਸੁਖਬੀਰ ਬਾਦਲ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਹੱਕ ਵਿੱਚ ਬੋਲਣ ਤੋਂ ਹੋਇਆ, ਕਿਉਂਕਿ ਸਰਕਾਰ ਦੀ ਆਲ ਪਾਰਟੀ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਇੱਕਜੁੱਟ ਹੋ ਕੇ ਇਨਾਂ ਆਰਡੀਨੈਂਸਾਂ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਹਿਮਤ ਸਨ, ਜਦੋਂ ਕਿ ਸੁਖਬੀਰ ਬਾਦਲ ਇਸ ਦੇ ਵਿਰੋਧ ਵਿਚ ਸਨ। ਮੋਦੀ ਸਰਕਾਰ ਦੁਆਰਾ ਥੋਪੇ ਗਏ ਆਰਡੀਨੈਂਸਾਂ ਦਾ ਸਮਰਥਨ ਕਰਨ ਤੋਂ ਇਹ ਹੁਣ ਸਪਸ਼ਟ ਹੈ ਕਿ ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬ ਵਿਰੋਧੀ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ ਦੇ ਪੰਜਾਬ ਵਿਰੋਧੀ ਫੈਸਲੇ ਵਿਰੁੱਧ ‘ਆਪ’ ਵੱਲੋਂ ਉਨ੍ਹਾਂ ਦੋਵਾਂ ਦਾ ਪੁਤਲਾ ਫੂਕਿਆ ਗਿਆ।
ਡਾ. ਸੰਜੀਵ ਸ਼ਰਮਾ ਨੇ ਮੰਤਰੀ ਹਰਸਿਮਰਤ ਕੌਰ ਤੇ ਵੀ ਸਵਾਲ ਖੜੇ ਕੀਤੇ, ਕਿਉਂਕਿ ਉਹ ਮੰਤਰੀ ਮੰਡਲ ਦੀ ਉਸ ਮੀਟਿੰਗ ਵਿਚ ਮੌਜੂਦ ਸਨ ਜਿਸ ਵਿਚ ਇਹ ਆਰਡੀਨੈਂਸ ਪਾਸ ਕੀਤੇ ਗਏ ਅਤੇ ਉਹ ਅਜਿਹੇ ਆਰਡੀਨੈਂਸਾਂ ਨੂੰ ਪਾਸ ਕਰਨ ਦੇ ਹੱਕ ਵਿਚ ਵੀ ਸਨ। ਕੇਂਦਰ ਸਰਕਾਰ ਦੇ ਤਿੰਨੇ ਆਰਡੀਨੈਂਸ ਪੰਜਾਬ ਵਿਰੋਧੀ ਹਨ। ਜਿਸ ਨਾਲ ਆਉਂਦੇ ਸਮੇਂ ਵਿੱਚ ਪੰਜਾਬ ਦਾ ਖੇਤੀ ਸਿਸਟਮ ਖ਼ਤਮ ਹੋ ਜਾਏਗਾ।ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਆਪਣਾ ਸਟੈਂਡ ਸਪਸ਼ਟ ਕਰੇ ਅਤੇ ਦੱਸੇ ਕਿ ਕੇਂਦਰ ਸਰਕਾਰ ਨੇ ਕਿਹੜੀ ਐਮਰਜੈਂਸੀ ਕਰ ਕੇ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕੀਤੇ।
ਡਾ ਸੰਜੀਵ ਸ਼ਰਮਾ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸੰਬੰਧੀ ਲਿਆਂਦੇ ਤਿੰਨ ਆਰਡੀਨੈਂਸਾਂ ਨੂੰ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਅਤੇ ਪੰਜਾਬ ਦੇ ਮੌਜੂਦਾ ਮੰਡੀਕਰਨ ਢਾਂਚੇ ਨੂੰ ਖ਼ਤਮ ਕਰਨ ਵਾਲੇ ਮਾਰੂ ਕਦਮ ਕਰਾਰ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਸਮੇਤ ਖੇਤੀਬਾੜੀ ‘ਤੇ ਨਿਰਭਰ ਸਾਰੇ ਵਰਗਾਂ ਨਾਲ ਇੱਕ ਘਾਤਕ ਖੇਡ ਖੇਡੀ ਜਾ ਰਹੀ ਹੈ। ਮੋਦੀ ਸਰਕਾਰ ਇਨਾਂ ਤਿੰਨ ਮਾਰੂ ਆਰਡੀਨੈਂਸਾਂ ਰਾਹੀਂ ਵੱਡੀਆਂ ਪ੍ਰਾਈਵੇਟ ਕੰਪਨੀਆਂ ਅਤੇ ਅੰਬਾਨੀਆਂ-ਅਡਾਨੀਆਂ ਦਾ ਪੰਜਾਬ-ਹਰਿਆਣਾ ਦੇ ਖੇਤਾਂ ਅਤੇ ਮੰਡੀਆਂ ‘ਤੇ ਕਬਜ਼ਾ ਕਰਾਉਣਾ ਚਾਹੁੰਦੇ ਹਨ। ਕਿਹਾ ਕਿ ਇਨਾਂ ਮੋਦੀ ਸਰਕਾਰ ਦੇ ਘਾਤਕ ਆਰਡੀਨੈਂਸਾਂ ਰਾਹੀਂ ਜਦ ਕਾਰਪੋਰੇਟ ਘਰਾਨਿਆਂ ਦੀ ਪੰਜਾਬ ‘ਚ ‘ਐਂਟਰੀ‘ ਹੋ ਗਈ ਤਾਂ ਮੱਕੀ, ਗੰਨੇ ਅਤੇ ਦਾਲਾਂ ਵਾਂਗ ਕਣਕ ਅਤੇ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਨਿਰਾਰਥਕ ਹੋ ਜਾਵੇਗਾ ਅਤੇ ਪੰਜਾਬ ਦੇ ਕਿਸਾਨ ਕੌਡੀਆਂ ਦੇ ਮੁੱਲ ਫ਼ਸਲਾਂ ਵੇਚਣ ਅਤੇ ਭੁਗਤਾਨ ਲਈ ਮਹੀਨੇ ਸਾਲ ਠੋਕਰਾਂ ਖਾਣ ਲਈ ਮਜਬੂਰ ਹੋਣਗੇ। ਜਦਕਿ ਆੜਤੀ, ਮੁਨੀਮ, ਪੱਲੇਦਾਰ, ਡਰਾਈਵਰ, ਟਰਾਂਸਪੋਰਟ ਦੀ ਖੇਤੀਬਾੜੀ ਖੇਤਰ ‘ਚੋਂ ਹੋਂਦ ਹੀ ਖ਼ਤਮ ਹੋ ਜਾਵੇਗੀ।ਡਾ.ਸੰਜੀਵ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤਿੰਨੇ ਆਰਡੀਨੈਂਸਾਂ ਖ਼ਿਲਾਫ਼ ਆਉਂਦੇ ਸੈਸ਼ਨ ਵਿੱਚ ਆਮ ਆਦਮੀ ਪਾਰਟੀ ‘‘ਪ੍ਰਾਈਵੇਟ ਮੈਂਬਰ ਬਿੱਲ’’ ਲਿਆਏਗੀ, ਜੇਕਰ ਸੁਖਬੀਰ ਬਾਦਲ ਕਿਸਾਨ ਹਿਤੈਸ਼ੀ ਹਨ ਤਾਂ ਉਸ ਬਿੱਲ ਦੀ ਸਪੋਰਟ ਕਰਨ।