ਫਗਵਾੜਾ 5 ਅਕਤੂਬਰ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਵਲੋਂ ਯੂ.ਪੀ. ਦੇ ਹਾਥਰਸ ਵਿਖੇ ਜਬਰ ਜਿਨਾਹ ਅਤੇ ਤਸੀਹਿਆਂ ਦਾ ਸ਼ਿਕਾਰ ਹੋ ਕੇ ਜਾਨ ਗੁਆਉਣ ਵਾਲੀ ਮਨੀਸ਼ਾ ਨੂੰ ਇਨਸਾਫ ਦੁਆਉਣ ਦੀ ਮੰਗ ਨੂੰ ਲੈ ਕੇ ਹਦੀਆਬਾਦ ਖੇਤਰ ‘ਚ ਕੈਂਡਲ ਮਾਰਚ ਕੀਤਾ ਗਿਆ। ਇਸ ਮੌਕੇ ਸੀਨੀਅਰ ਆਪ ਆਗੂ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਯੂ.ਪੀ. ਦੀ ਯੋਗੀ ਸਰਕਾਰ ਗੁੰਡਿਆਂ ਅਤੇ ਬਲਾਤਕਾਰੀਆਂ ਦਾ ਸਾਥ ਦੇ ਰਹੀ ਹੈ। ਘਟਨਾ ਤੋਂ ਬਾਅਦ ਚਾਰ ਦਿਨ ਤੱਕ ਮੀਡੀਆ ਨੂੰ ਪੀੜਤ ਪਰਿਵਾਰ ਨਾਲ ਮਿਲਣ ਨਹੀਂ ਦਿੱਤਾ ਗਿਆ। ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਦੋਸ਼ੀਆਂ ਦੀ ਗਿਰਫਤਾਰੀ ਹੋਈ। ਜਿਲੇ ਦੇ ਡੀ.ਐਮ. ਵਲੋਂ ਪੀੜਤ ਪਰਿਵਾਰ ਨੂੰ ਧਮਕਾਇਆ ਗਿਆ ਅਤੇ ਬਿਨਾ ਪਰਿਵਾਰ ਦੀ ਸਹਿਮਤੀ ਲਾਸ਼ ਨੂੰ ਬਿਨਾ ਧਾਰਮਿਕ ਰੀਤੀ ਰਿਵਾਜ ਦੇ ਸਾੜ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਕਰ ਘਟਨਾ ਤੋਂ ਤੁਰੰਤ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਉਂਦਾ ਅਤੇ ਸਰਕਾਰ ਲੜਕੀ ਨੂੰ ਦਿੱਲੀ ਏਮਜ ਵਿਚ ਇਲਾਜ ਲਈ ਭੇਜਣ ਦਾ ਪ੍ਰਬੰਧ ਕਰਦੀ ਤਾਂ ਉਸਦੀ ਜਾਨ ਬਚਾਈ ਜਾ ਸਕਦੀ ਸੀ ਜੋ ਯੋਗੀ ਸਰਕਾਰ ਦੀ ਨਲਾਇਕੀ ਹੈ। ਉਹਨਾਂ ਕਿਹਾ ਕਿ ਇਹ ਸਾਰਾ ਕੁਝ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਯੋਗੀ ਸਰਕਾਰ ਦੇ ਇਸ਼ਾਰੇ ਤੇ ਘਟਨਾ ਨੂੰ ਦਬਾਉਣ ਅਤੇ ਸਬੂਤਾਂ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਪੂਰੀ ਸਾਜਿਸ਼ ਦੇ ਤਹਿਤ ਕੀਤਾ ਹੈ। ਗੋਗੀ ਨੇ ਹੈਰਾਨੀ ਜਤਾਈ ਕਿ ਏ.ਡੀ.ਜੀ. ਪੁਲਿਸ ਬਿਆਨ ਦੇ ਰਹੇ ਹਨ ਕਿ ਬਲਾਤਕਾਰ ਹੋਇਆ ਹੀ ਨਹੀਂ! ਜੇਕਰ ਬਲਾਤਕਾਰ ਨਹੀਂ ਹੋਇਆ ਤਾਂ ਧਾਰਾ 376-ਡੀ ਐਫ.ਆਈ.ਆਰ. ਵਿਚ ਕਿਉਂ ਲਗਾਈ ਗਈ ਹੈ। ਉਹਨਾਂ ਲੜਕੀ ਦੀ ਪਹਿਚਾਨ ਉਜਾਗਰ ਕਰਨ ਲਈ ਭਾਜਪਾ ਆਈ.ਟੀ. ਸੈਲ ਦੇ ਪ੍ਰਧਾਨ ਖਿਲਾਫ ਵੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਇੰਨੀ ਘਿਣੌਨੀ ਵਾਰਦਾਤ ਤੋਂ ਬਾਅਦ ਵੀ ਯੂ.ਪੀ. ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਚੁੱਪੀ ਤੋੜਨ ਵਿਚ ਕਈ ਦਿਨ ਲਗਾ ਦਿੰਦੇ ਹਨ ਤਾਂ ਸਪਸ਼ਟ ਹੈ ਕਿ ਕੇਂਦਰ ਅਤੇ ਸੂਬੇ ਦੀ ਸਰਕਾਰ ਪੀੜ•ਤ ਪਰਿਵਾਰ ਨੂੰ ਨਿਆ ਦੇਣ ਦੇ ਯੋਗ ਨਹੀਂ ਹੈ। ਆਪ ਆਗੂ ਨੇ ਕਿਹਾ ਕਿ ਜਦੋਂ ਤੱਕ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਨਹੀਂ ਹੋਵੇਗੀ ਇਸ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੋਕੇ ਐਡਵੋਕੇਟ ਕਸ਼ਮੀਰ ਸਿੰਘ ਮੱਲ•, ਮੈਡਮ ਲਲਿਤ, ਰਿਟਾ. ਪ੍ਰਿੰਸੀਪਲ ਹਰਮੇਸ਼ ਪਾਠਕ, ਸ਼ੀਤਲ ਸਿੰਘ ਪਲਾਹੀ, ਵਿੱਕੀ ਸਿੰਘ, ਹਰਪਾਲ ਸਿੰਘ, ਵਿਨੋਦ ਭਾਸਕਰ, ਨਰੇਸ਼ ਸ਼ਰਮਾ, ਜਸਵੀਰ ਕੋਕਾ, ਅਵਤਾਰ ਬਿੱਲਾ, ਗੁਰਪ੍ਰੀਤ ਸਿੰਘ, ਅਵਤਾਰ ਕਜਲਾ, ਹਰਬੰਸ ਲਾਲ, ਮੈਡਮ ਪੁਸ਼ਪਿੰਦਰ, ਪ੍ਰੀਆ ਸੰਤੋਸ਼, ਮਨਜੀਤ ਕੌਲ, ਸੰਜੀਵ ਕੌਲ, ਰਾਜਕੁਮਾਰ, ਗੁਲਸ਼ਨ, ਲੇਖਰਾਜ, ਵਿਸ਼ਾਲ, ਅਸ਼ੋਕ ਸਲਹੋਤਰਾ, ਅਨੀਤਾ, ਜਿੰਦਰ, ਸਰੂਪ ਲਾਲ, ਰਾਮ ਸਰਨ, ਸੋਹਨ ਲਾਲ, ਮੋਹਨ ਲਾਲ ਆਦਿ ਹਾਜਰ ਸਨ।