ਜਲੰਧਰ: ਗ੍ਰਹਿ ਮੰਤਰਾਲਾ ਭਾਰਤ ਸਰਕਾਰ ਅਤੇ ਗ੍ਰਹਿ ਵਿਭਾਗ,ਪੰਜਾਬ ਸਰਕਾਰ ਵਲੋਂ ਜਾਰੀ ਪੱਤਰਾਂ ਅਨੁਸਾਰ ਆਰਮਜ਼ ਐਕਟ 1959 ਵਿੱਚ ਸੋਧ ਹੋਣ ਉਪਰੰਤ ਲਾਗੂ ਹੋ ਚੁੱਕੀ ਹੈ, ਜਿਸ ਅਨੁਸਾਰ ਹੁਣ ਸਮੂਹ ਅਸਲਾ ਲਾਇਸੰਸੀ ਆਪਣੇ ਲਾਇਸੰਸ ‘ਤੇ ਵੱਧ ਤੋਂ ਵੱਧ 02 (ਦੋ) ਹੀ ਅਸਲੇ ਰੱਖ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਜਲੰਧਰ ਨਾਲ ਸਬੰਧਿਤ ਜਿਨਾ ਅਸਲਾ ਲਾਇਸੰਸ ਧਾਰਕਾਂ ਪਾਸ ਉਨਾਂ ਦੇ ਲਾਇਸੰਸ ‘ਤੇ ਦੋ ਤੋਂ ਵੱਧ ਅਸਲੇ ਦਰਜ ਹਨ, ਉਹ ਆਪਣਾ ਵਾਧੂ ਅਸਲਾ ਤੁਰੰਤ ਨਜ਼ਦੀਕੀ ਥਾਣੇ ਵਿੱਚ ਜਾਂ ਕਿਸੇ ਅਧਿਕਾਰਤ ਗੰਨ ਹਾਊਸ ਵਿੱਚ ਮਿਤੀ 13.12.2020 ਤੱਕ ਜਮਾਂ ਕਰਵਾਉਣ। ਉਨਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਆਰਮਡ ਫੋਰਸ (ਜਿਵੇਂ ਫੌਜੀ ਜਾਂ ਪੁਲਿਸ ਕਰਮਚਾਰੀ) ਦਾ ਮੈਂਬਰ ਹੈ ਤਾਂ ਉਹ ਆਪਣਾ ਵਾਧੂ ਅਸਲਾ ਆਪਣੀ ਯੂਨਿਟ ਦੀ ਆਰਮੋਰੀ ਵਿੱਚ 13.12.2020 ਤੱਕ ਜਮਾਂ ਕਰਵਾਉਣ ਲਈ ਜਿੰਮੇਵਾਰ ਹੋਣਗੇ । ਡਿਪਟੀ ਕਮਿਸ਼ਨਰ ਪੁਲਿਸ ਨੇ ਇਹ ਵੀ ਦੱਸਿਆ ਕਿ ਇਨਾਂ ਅਸਲਿਆਂ ਦੇ ਨਿਪਟਾਰੇ/ਸੇਲ ਪ੍ਰੀਸ਼ਨ ਸਬੰਧੀ ਤੁਰੰਤ ਕਮਿਸ਼ਨਰੇਟ ਜਲੰਧਰ ਦੀ ਅਸਲਾ ਲਾਇਸੰਸ ਸਾਖ਼ਾ ਨਾਲ ਸੰਪਰਕ ਕੀਤਾ ਜਾਵੇ। ਉਨਾਂ ਦੱਸਿਆ ਕਿ ਵਾਧੂ ਅਸਲੇ ਦੇ ਨਿਪਟਾਰੇ ਸਬੰਧੀ ਹੋਈ ਅਣਗਹਿਲੀ ਦੀ ਸੂਰਤ ਵਿੱਚ ਸਬੰਧਿਤ ਅਸਲਾ ਲਾਇਸੰਸਧਾਰੀ ਖ਼ੁਦ ਜਿੰਮੇਵਾਰ ਹੋਣਗੇ ਅਤੇ ਕਾਨੂੰਨ ਮੁਤਾਬਿਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।