ਨਵੀਂ ਦਿੱਲੀ :- ਕੋਰੋਨਾ ਮਹਾਂਮਾਰੀ ਅਤੇ ਆਰਥਿਕ ਗਤੀਵਿਧੀਆਂ ‘ਚ ਸੁਸਤੀ ਵਿਚਾਲੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਪ੍ਰਮੁੱਖ ਨੀਤੀਗਤ ਦਰਾਂ ਨੂੰ ਪਿਛਲੇ ਪੱਧਰ ‘ਤੇ ਹੀ ਬਰਕਰਾਰ ਰੱਖਿਆ ਹੈ। ਰੈਪੋ ਰੇਟ ਨੂੰ ਚਾਰ ਫ਼ੀਸਦੀ ‘ਤੇ ਹੀ ਰੱਖਿਆ ਗਿਆ ਹੈ। ਦੱਸ ਦਈਏ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਆਰ. ਬੀ. ਆਈ. ਮੰਗ ਵਧਣ ਲਈ ਰੈਪੋ ਰੇਟ ‘ਤੇ ਕੈਂਚੀ ਚਲਾ ਸਕਦਾ ਹੈ। ਹਾਲਾਂਕਿ ਅਜਿਹਾ ਨਹੀਂ ਹੋਇਆ। ਮੁਦਰਾ ਨੀਤੀ ਕਮੇਟੀ (ਐਮ. ਪੀ. ਸੀ.) ਦੀ ਸਮੀਖਿਆ ਬੈਠਕ ਤੋਂ ਬਾਅਦ ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਦੱਸਿਆ ਕਿ ਵਿਸ਼ਵੀ ਅਰਥ ਵਿਵਸਥਾ ‘ਚ ਸੁਧਾਰ ਦਿਖਾਈ ਦੇ ਰਿਹਾ ਹੈ। ਹਾਲਾਂਕਿ ਇਹ ਸੁਧਾਰ ਇਕੋ ਜਿਹਾ ਨਹੀਂ ਹੈ। ਦਾਸ ਨੇ ਭਾਰਤੀ ਅਰਥ ਵਿਵਸਥਾ ਨੂੰ ਲੈ ਕੇ ਕਿਹਾ ਕਿ ਸਕਾਰਾਤਮਕ ਸੰਕੇਤ ਦਿਖਾਈ ਦੇ ਰਹੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਚੌਥੀ ਤਿਮਾਹੀ ਤੱਕ ਜੀ. ਡੀ. ਪੀ. ਦਰ ਪਾਜ਼ੀਟਿਵ ਹੋ ਜਾਵੇਗੀ। ਮਹਾਂਮਾਰੀ ਤੋਂ ਬਾਅਦ ਪਹਿਲੀ ਵਾਰ ਜੀ. ਡੀ. ਪੀ. ਅਨੁਮਾਨ ਦਿੰਦਿਆਂ ਰਿਜ਼ਰਵ ਬੈਂਕ ਨੇ ਵਿੱਤੀ ਸਾਲ 2020-21 ‘ਚ ਜੀ. ਡੀ. ਪੀ. ਗ੍ਰੋਥ ਅਨੁਮਾਨ ਨੈਗੇਟਿਵ ‘ਚ 9.5 ਫ਼ੀਸਦੀ ਰੱਖਿਆ ਹੈ। ਆਰ. ਬੀ. ਆਈ. ਨੇ ਦੱਸਿਆ ਕਿ ਖ਼ਰੀਫ਼ ਦੀ ਫ਼ਸਲ ਦੀ ਬੁਆਈ ਪਿਛਲੇ ਸਾਲ ਦੇ ਮੁਕਾਬਲੇ ਵੱਧ ਗਈ ਹੈ। ਅਨਾਜ ਉਤਪਾਦਨ ਦੇ ਰਿਕਾਰਡ ਪੱਧਰ ‘ਤੇ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਪਲਾਇਨ ਕਰ ਗਏ ਪ੍ਰਵਾਸੀ ਮਜ਼ਦੂਰ ਕੰਮ ‘ਤੇ ਵਾਪਸ ਪਰਤ ਰਹੇ ਹਨ।