ਜਲੰਧਰ, 16 ਦਸੰਬਰ
ਕਮਿਸ਼ਨਰੇਟ ਪੁਲਿਸ ਨੇ ਅਣ-ਅਧਿਕਾਰਤ ਕਲੋਨੀਆਂ ‘ਤੇ ਸਖ਼ਤ ‘ਤੇ ਕਾਰਵਾਈ ਕਰਦਿਆਂ ਬੁੱਧਵਾਰ ਨੂੰ ਵੱਖ-ਵੱਖ ਥਾਣਿਆਂ ਵਿਚ 21 ਵਿਅਕਤੀਆਂ ਖਿਲਾਫ਼ ਅੱਠ ਐਫਆਈਆਰ ਦਰਜ ਕੀਤੀਆਂ ਹਨ।ਮੁਲਜ਼ਮਾਂ ਦੀ ਪਛਾਣ ਮਿੱਠਾਪੁਰ ਦੇ ਮੰਗਤ ਰਾਮ, ਸੁਰਜੀਤ ਕੌਰ, ਰਣਜੀਤ ਕੌਰ, ਅਨਿਲ ਕੁਮਾਰ, ਗੁਰਪਾਲ ਸਿੰਘ ਵਾਸੀ ਜਮਸ਼ੇਰ, ਜਰਨੈਲ ਸਿੰਘ, ਨਿਰਮਲ ਕੌਰ ਵਾਸੀ ਫੁਲੜੀਵਾਲ, ਮੁਨੀਸ਼ ਦੱਤਾ ਵਾਸੀ ਕਾਲੀਆ ਕਲੋਨੀ, ਮਲਕੀਅਤ ਸਿੰਘ ਵਾਸੀ ਆਫਿਸ ਕਲੋਨੀ, ਸੋਫੀ ਪਿੰਡ, ਗੁਰਮੀਤ ਕੌਰ, ਹਰਜਿੰਦਰ ਕੌਰ, ਪਲਵਿੰਦਰ ਸਿੰਘ ਵਾਸੀ ਖਹਿਰਾ ਮੱਝਾ, ਮਦਨ ਬਲਦੇਵ ਸਿੰਘ, ਮੱਖਣ ਸਿੰਘ, ਲਖਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਰਵਿੰਦਰ ਕੁਮਾਰ ਵਾਸੀ 66 ਐਫਟੀ ਰੋਡ, ਰਾਜਵਿੰਦਰ ਕੌਰ, ਚੁਮਨ ਮਿਸ਼ਰਾ ਵਾਸੀ ਮਕਸੂਦਾਂ ਅਤੇ ਰਾਜੇਸ਼ ਕੁਮਾਰ ਵਾਸੀ ਅਰਬਨ ਅਸਟੇਟ ਫੇਜ਼-1 ਵਜੋਂ ਹੋਈ ਹੈ।ਜਲੰਧਰ ਡਿਲੈਪਲਮੈਂਟ ਅਥਾਰਟੀ ਦੀ ਸ਼ਿਕਾਇਤ ‘ਤੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 (ਅਮੈਂਡਮੈਂਟ ਐਕਟ 2014) ਦੀ ਧਾਰਾ 3, 5, 8, 9, 14 (2), 15, 18, 21 ਅਤੇ 36 (ਅਮੈਂਡਮੈਂਟ) ਤਹਿਤ ਵੱਖ-ਵੱਖ ਥਾਣਿਆਂ ਵਿਚ ਐਫਆਰਆਰ ਦਰਜ ਕੀਤੀਆਂ ਗਈਆਂ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵੱਲੋਂ ਇਨ੍ਹਾਂ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਗੈਰ ਕਾਨੂੰਨੀ ਕਲੋਨੀਆਂ ਦੇ ਵਿਕਾਸ ਲਈ ਜ਼ਿੰਮੇਵਾਰ ਦੋਸ਼ੀਆਂ ਅਤੇ ਸਾਜ਼ਿਸ਼ਕਰਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਇਨ੍ਹਾਂ ਗੈਰ ਕਾਨੂੰਨੀ ਗਤੀਵਿਧੀਆਂ ਕਾਰਨ ਟੈਕਸ ਚੋਰੀ ਦੇ ਰੂਪ ਵਿੱਚ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀਆਂ ਨੂੰ ਸਬੰਧਤ ਅਧਿਕਾਰੀਆਂ ਤੋਂ ਮਾਲ ਰਿਕਾਰਡ ਇਕੱਤਰ ਕਰਨ ਅਤੇ ਵਿਸ਼ਲੇਸ਼ਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਮੇਂ ਸਿਰ ਜਾਂਚ ਮੁਕੰਮਲ ਕਰਨ ਅਤੇ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।