ਫਗਵਾੜਾ :- (ਸ਼ਿਵ ਕੋੜਾ) ਇੰਟਰਨੈਸ਼ਨਲ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਰਜਿ. ਫਗਵਾੜਾ ਵਲੋਂ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਦੀਵਾਲੀ ਸਬੰਧੀ ਸਮਾਗਮ ਹਰ ਸਾਲ ਦੀ ਤਰਾ ਇਸ ਸਾਲ ਵੀ ਗੁਰੂ ਨਾਨਕ ਮਿਸ਼ਨ ਨੇਤਰਹੀਣ ਆਸ਼ਰਮ ਸਪਰੋੜ ਵਿਖੇ ਸੁਸਾਇਟੀ ਦੇ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੋਕੇ ਪ੍ਰਵਾਸੀ ਭਾਰਤੀ ਰਾਜਵਿੰਦਰ ਸਿੰਘ ਗਰੀਸ, ਜਰਨੈਲ ਸਿੰਘ ਭਮਰਾ, ਜਸਵਿੰਦਰ ਸਿੰਘ ਸੀਕਰੀ ਅਤੇ ਹਰਜੀਤ ਸਿੰਘ ਰਾਮਗੜ ਦੇ ਸਹਿਯੋਗ ਨਾਲ ਆਸ਼ਰਮ ਦੇ ਬੱਚਿਆਂ ਨੂੰ ਦੀਵਾਲੀ ਦੀ ਮਿਠਾਈ ਅਤੇ ਹੋਰ ਖਾਣ-ਪੀਣ ਦੀ ਸਮੱਗਰੀ ਭੇਂਟ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਰੀਤ ਪ੍ਰੀਤ ਪਾਲ ਸਿੰਘ ਤੋਂ ਇਲਾਵਾ ਪੂਜਾ ਸਾਹਨੀ, ਹਰਜੀਤ ਸਿੰਘ ਰਾਮਗੜ ਅਤੇ ਹੋਰਨਾ ਨੇ ਕਿਹਾ ਕਿ ਵਿਸ਼ੇਸ਼ ਵਰਗ ਦੇ ਬੱਚਿਆਂ ਨਾਲ ਦੀਵਾਲੀ ਮਨਾਉਣ ਦਾ ਮਕਸਦ ਇਹੋ ਹੈ ਕਿ ਇਹ ਬੱਚੇ ਵੀ ਆਪਣੇ ਆਪ ਨੂੰ ਸਮਾਜ ਤੋਂ ਵੱਖ ਨਾ ਸਮਝਦੇ ਹੋਏ ਆਪਣੇ ਆਪ ਨੂੰ ਸਮਾਜ ਦਾ ਹਿੱਸਾ ਮਹਿਸੂਸ ਕਰਨ। ਉਹਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਹਰ ਲੋੜਮੰਦ ਦੀ ਆਪਣੀ ਸਰਮਥਾ ਅਨੁਸਾਰ ਮਦਦ ਜਰੂਰ ਕੀਤੀ ਜਾਵੇ। ਉਹਨਾਂ ਕਿਹਾ ਕਿ ਜੋ ਵੀ ਲੋੜਵੰਦ ਬੱਚਾ, ਬਜੁਰਗ ਜਾਂ ਬੇਸਹਾਰਾ ਹੋਵੇ ਤਾਂ ਸੁਸਾਇਟੀ ਸਮੇਂ-ਸਮੇਂ ਸਿਰ ਉਹਨਾਂ ਦੀ ਮਦਦ ਕਰਦੀ ਹੈ। ਉਹਨਾਂ ਆਸ਼ਰਮ ਨੂੰ ਵਿਸ਼ਵਾਸ ਦਵਾਇਆ ਕਿ ਕਿਸੇ ਵੀ ਤਰਾ ਦੀ ਜਰੂਰਤ ਮਹਿਸੂਸ ਹੋਵੇ ਤਾਂ ਸੁਸਾਇਟੀ ਨੂੰ ਦੱਸਿਆ ਜਾਵੇ ਤਾਂ ਜੋ ਜਰੂਰਤ ਪੂਰੀ ਕਰਨ ਦਾ ਪ੍ਰਬੰਧ ਕੀਤਾ ਜਾ ਸਕੇ। ਇਸ ਮੋਕੇ ਸਹਿਯੋਗੀਆਂ ਨੀਲਮ ਹਾਂਡਾ, ਪੂਜਾ ਸਾਹਨੀ, ਹਰਜੀਤ ਸਿੰਘ ਰਾਮਗੜ ਅਤੇ ਗੁਰਦਿਆਲ ਸਿੰਘ ਲੱਖਪੁਰ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਮੁਖਤਿਆਰ ਸਿੰਘ, ਸੰਜੀਵ ਕੁਮਾਰ ਹਾਂਡਾ, ਹਨੀ ਸੁਨੇਜਾ, ਪਰਵੀਨ ਕੁਮਾਰ, ਸ਼ਰਨਜੀਤ ਸਿੰਘ, ਮਨਵੰਤ ਸਿੰਘ ਸਾਹਨੀ ਆਦਿ ਹਾਜਰ ਸਨ।