ਫਗਵਾੜਾ 1 ਫਰਵਰੀ (ਸ਼ਿਵ ਕੋੜਾ) ਇੰਡੀਅਨ ਆਇਲ ਕਾਰਪੋਰੇਸ਼ਨ ਏਰੀਆ ਆਫਿਸ ਜਲੰਧਰ ਵਲੋਂ ਫਗਵਾੜਾ ਵਿਖੇ ‘ਸਕਸ਼ਮ ਸਾਈਕਲ ਰੈਲੀ’ ਦਾ ਆਯੋਜਨ ਕਰਕੇ ਤੇਲ ਬਚਾਓ ਅਤੇ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੱਤਾ ਗਿਆ। ਸਾਈਕਲ ਰੈਲੀ ਨੂੰ ਸ੍ਰੀ ਰਾਜੀਵ ਸ਼ਰਮਾ ਮੈਨੇਜਰ ਐਲ.ਪੀ.ਜੀ. ਜਲੰਧਰ ਨੇ ਸਥਾਨਕ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਾਇਕਲ ਰੈਲੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦੀ ਹੋਈ ਵਾਪਸ ਦਾਣਾ ਮੰਡੀ ਫਗਵਾੜਾ ਵਿਖੇ ਸਮਾਪਤ ਹੋਈ। ਰੈਲੀ ਤੋਂ ਪਹਿਲਾਂ ਆਪਣੇ ਸੁਨੇਹੇ ਵਿਚ ਅਕਾਸ਼ ਲੇਗਾਹ ਫੀਲਡ ਅਫਸਰ ਐਲ.ਪੀ.ਜੀ. ਨੇ ਕਿਹਾ ਕਿ ਸਾਨੂੰ ਸਿਰਫ ਬਹੁਤ ਜਰੂਰੀ ਕੰਮ ਲਈ ਹੀ ਵਾਹਨਾ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਛੋਟੇ ਮੋਟੇ ਕੰਮਾ ਲਈ ਸਾਇਕਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਿਸ ਨਾਲ ਜਿੱਥੇ ਕਸਰਤ ਹੁੰਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ਉੱਥੇ ਹੀ ਪੈਟਰੋਲ ਦੀ ਵਰਤੋਂ ਘੱਟ ਹੋਣ ਨਾਲ ਵਾਤਾਵਰਣ ਤਾਂ ਸਾਫ ਸੁਥਰਾ ਬਣਦਾ ਹੀ ਹੈ ਪਰ ਨਾਲ ਹੀ ਆਰਥਕ ਬਚਤ ਵੀ ਹੁੰਦੀ ਹੈ। ਸਟੇਜ ਦੀ ਸੇਵਾ ਜਗਜੀਵਨ ਕੁਮਾਰ ਨੇ ਨਿਭਾਈ। ਇਸ ਦੌਰਾਨ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਡਿਸਟ੍ਰੀਬਿਊਟਰ ਅਤੇ ਲੀਡਸ ਇੰਡੇਨ ਦੇ ਮਾਲਕ ਸ੍ਰੀ ਰਾਕੇਸ਼ ਗੁਪਤਾ ਨੇ ਸਮੂਹ ਪਤਵੰਤਿਆਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਫਗਵਾੜਾ ਦੇ ਸਮੂਹ ਐਲ.ਪੀ.ਜੀ. ਡਿਸਟ੍ਰੀਬਿਊਟਰਾਂ ਵਿਚ ਰਜਿੰਦਰ ਸੁਧੀਰ, ਕੁਲਬੀਰ ਕੁਮਾਰ ਮੈਨੇਜਰ, ਅਸ਼ੋਕ ਕੈਂਥ, ਵਿਜੇ ਸੌਂਧੀ, ਚੋਜੀ ਸਿੰਘ, ਦਿਨੇਸ਼ ਕੁਮਾਰ, ਵਿਕਾਸ ਗੁਪਤਾ ਆਦਿ ਹਾਜਰ ਸਨ।