ਫਗਵਾੜਾ 13 ਜੁਲਾਈ (ਸ਼ਿਵ ਕੋੜਾ) :
ਫਗਵਾੜਾ ਇੱਟ ਭੱਠਾ ਐਸੋਸੀਏਸ਼ਨ ਦੀ ਇਕ ਮੀਟਿੰਗ ਸੁਨੀਲ ਪਰਾਸ਼ਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੋਇਲੇ ਦੇ ਮੁੱਲ ਅਤੇ ਜੀ.ਐਸ.ਟੀ. ‘ਚ ਹੋਏ ਭਾਰੀ ਵਾਧੇ ਦਾ ਡਟਵਾਂ ਵਿਰੋਧ ਕਰਦੇ ਹੋਏ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਗਵਾੜਾ ਬਰਿਕ ਕਲਿਨ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਪਰਾਸ਼ਰ ਨੇ ਦੱਸਿਆ ਕਿ ਕੋਇਲਾ ਪਿਛਲੇ ਸਾਲ 10 ਹਜਾਰ ਟਨ ਅਤੇ ਜੀ.ਐਸ.ਟੀ. 5% ਸੀ ਪਰ ਇਸ ਸਾਲ ਕੋਇਲੇ ਦਾ ਮੁੱਲ 25 ਹਜਾਰ ਰੁਪਏ ਪ੍ਰਤੀ ਟਨ ਅਤੇ ਜੀ.ਐਸ.ਟੀ. 12%  ਹੋ ਗਿਆ ਹੈ। ਲੇਬਰ ਵੀ 600 ਰੁਪਏ ਪ੍ਰਤੀ ਹਜਾਰ ਇੱਟ ਤੋਂ 800 ਰੁਪਏ ਪ੍ਰਤੀ ਹਜਾਰ ਇੱਟ ਹੋ ਗਈ ਹੈ ਜਿਸ ਕਰਕੇ ਭੱਠਾ ਮਾਲਕਾਂ ਨੂੰ ਕਾਰੋਬਾਰ ਚਲਾਉਣਾ ਮੁਸ਼ਕਲ ਹੋ ਗਿਆ ਹੈ। ਉਹਨਾਂ ਦੱਸਿਆ ਕਿ ਅਣਮਿੱਥੇ ਸਮੇਂ ਲਈ ਹੜਤਾਲ ਦਾ ਫੈਸਲਾ ਆਲ ਇੰਡੀਆ ਫੈਡਰੇਸ਼ਨ ਆਫ ਬਰਿਕਸ ਐਂਡ ਟਾਇਲਸ ਅਤੇ ਬਰਿਕ ਕਲਿਨ ਐਸੋਸੀਏਸ਼ਨ ਪੰਜਾਬ ਵਲੋਂ ਲਿਆ ਗਿਆ ਹੈ ਜਿਸਦਾ ਉਹਨਾਂ ਦੀ ਜੱਥੇਬੰਦੀ ਪੁਰਜੋਰ ਸਮਰਥਨ ਕਰਦੀ ਹੈ। ਸੁਨੀਲ ਪਰਾਸ਼ਰ ਨੇ ਦੱਸਿਆ ਕਿ ਕੋਇਲਾ ਮਹਿੰਗਾ ਹੋਣ ਕਰਕੇ ਫਗਵਾੜਾ ਖੇਤਰ ‘ਚ ਸਿਰਫ 15 ਭੱਠੇ ਹੀ ਚਾਲੂ ਹਾਲਤ ਵਿਚ ਰਹਿ ਗਏ ਸਨ, ਜੋ ਸਾਰੇ ਅੱਜ ਤੋਂ ਹੜਤਾਲ ਵਿਚ ਸ਼ਾਮਲ ਹੋਣਗੇ ਅਤੇ ਜਦੋਂ ਤੱਕ ਕੋਇਲੇ ਦਾ ਵਧਿਆ ਰੇਟ ਨਹੀਂ ਘਟਾਇਆ ਜਾਵੇਗਾ ਅਤੇ ਜੀ.ਐਸ.ਟੀ. ਵੀ ਪਹਿਲਾਂ ਵਾਂਗੁ 5% ਨਹੀਂ ਕੀਤਾ ਜਾਵੇਗਾ, ਇਹ ਹੜਤਾਲ ਜਾਰੀ ਰਹੇਗੀ। ਉਹਨਾਂ ਕਿਹਾ ਕਿ ਹਾਲੇ ਸਿਰਫ ਉਤਪਾਦਨ ਬੰਦ ਕੀਤਾ ਗਿਆ ਹੈ ਪਰ ਜੇਕਰ ਸਰਕਾਰ ਨੇ ਤੁਰੰਤ ਉਹਨਾਂ ਦੀਆਂ ਮੰਗਾਂ ਬਾਰੇ ਵਿਚਾਰ ਨਾ ਕੀਤਾ ਤਾਂ ਸੇਲ ਵੀ ਬੰਦ ਕਰ ਦਿੱਤੀ ਜਾਵੇਗੀ। ਇਸ ਮੌਕੇ ਦਰਸ਼ਨ ਸਿੰਘ ਪਿ੍ਰੰਸ, ਸਵਰਨ ਸਿੰਘ, ਜਿਲ੍ਹਾ ਪ੍ਰਧਾਨ ਵਿਸ਼ਾਲ ਸੋਨੀ, ਪਰਮਜੀਤ ਸਿੰਘ, ਹਰੀਸ਼ ਅਰੋੜਾ, ਸੰਜੀਵ ਕਪੂਰ, ਅਰੁਣ ਅਰੋੜਾ, ਅਗਮ ਪਰਾਸ਼ਰ, ਸ਼ਸ਼ੀ, ਕਿੱਟੂ ਅਰੋੜਾ, ਕਮਲ ਸਿੰਘ ਆਦਿ ਹਾਜਰ ਸਨ।