ਜਲੰਧਰ, 28 ਅਗਸਤ

                                ਚੋਣ ਅਫ਼ਸਰ, ਪੰਜਾਬ ਹਰੀਸ਼ ਕੁਮਾਰ ਵੱਲੋਂ ਸ਼ਨੀਵਾਰ ਨੂੰ ਆਪਣੇ ਜਲੰਧਰ ਦੌਰੇ ਦੌਰਾਨ ਭਾਰਤ ਚੋਣ ਕਮਿਸ਼਼ਨ ਦੀਆਂ ਹਦਾਇਤਾਂ ਅਨੁਸਾਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਅਤੇ ਸਟੋਰੇਜ ਲਈ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਜਲੰਧਰ ਵਿਖੇ ਉਸਾਰੀ ਅਧੀਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਦੇ ਵੇਅਰਹਾਊਸ ਦੇ ਨਿਰਮਾਣ ਦੇ ਚੱਲ ਰਹੇ ਕਾਰਜ ਦਾ ਜਾਇਜ਼ਾ ਲਿਆ ਗਿਆ।

                                ਚੋਣ ਅਫ਼ਸਰ, ਪੰਜਾਬ ਨੇ ਮੌਕੇ ‘ਤੇ ਮੌਜੂਦ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤਰਲੋਕ, ਜੂਨੀਅਰ ਇੰਨਜੀਨੀਆਰ ਅਤੇ ਯੋਗੇਸ਼ ਸੈਣੀ, ਸਾਈਟ ਇੰਨਜੀਨੀਅਰ ਨਾਲ ਵੇਅਰਹਾਊਸ ਦੀ ਉਸਾਰੀ ਦੀ ਪ੍ਰਗਤੀ ਬਾਰੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ, ਜੋ ਕਿ ਸਾਲ 2022 ਦੀ ਪਹਿਲੀ ਤਿਮਾਹੀ ਵਿੱਚ ਕਰਵਾਈਆਂ ਜਾਣੀਆਂ ਹਨ, ਨੂੰ ਮੁੱਖ ਰੱਖਦੇ ਹੋਏ ਉਸਾਰੀ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ।

                                ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਹਰ ਹਾਲਤ ਵਿੱਚ 31 ਦਸੰਬਰ, 2021 ਤੋਂ ਪਹਿਲਾਂ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਵਿਧਾਨ ਸਭਾ ਚੋਣਾਂ 2022 ਵਿੱਚ ਵਰਤੀਆਂ ਜਾਣ ਵਾਲੀਆਂ ਮਾਡਲ-3 ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਵੇਂ ਬਣਨ ਵਾਲੇ ਵੇਅਰਹਾਊਸ ਵਿੱਚ ਸਟੋਰ ਕੀਤੀਆਂ ਜਾ ਸਕਣ।

                                ਇਸ ਚੈਕਿੰਗ ਦੌਰਾਨ ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਅਤੇ ਜੂਨੀਅਰ ਸਹਾਇਕ ਸੁਦੇਸ਼ ਕੁਮਾਰ ਸੂਰੀ ਵੀ ਮੌਜੂਦ ਸਨ।